
ਸ਼ਾਰਟ ਸਰਕਟ ਨਾਲ ਲੱਗੀ ਕਣਕ ਅਤੇ ਨਾੜ ਨੂੰ ਅੱਗ
ਅੱਗ ਦੀ ਲਪੇਟ ਨਾਲ ਇਕ ਮੋਟਰਸਾਈਕਲ ਵੀ ਸੜ ਸਵਾਹ
ਫ਼ਿਲੌਰ, 24 ਅਪ੍ਰੈਲ (ਸੁਰਜੀਤ ਸਿੰਘ ਬਰਨਾਲਾ) : ਫ਼ਿਲੌਰ ਦੇ ਨਜ਼ਦੀਕ ਪਿੰਡ ਪ੍ਰਤਾਬਪੁਰਾ ਦੇ ਕੋਲ ਅੱਗ ਲੱਗਣ ਨਾਲ ਖੜੀ ਫ਼ਸਲ ਅਤੇ ਨਾੜ ਦੇ ਕੁੱਝ ਖੇਤਾਂ ਨੂੰ ਅੱਗ ਲੱਗ ਗਈ। ਮੌਕੇ ਤੋਂ ਲੰਘ ਰਹੇ ਆਮ ਆਦਮੀ ਪਾਰਟੀ ਫ਼ਿਲੌਰ ਦੇ ਇੰਚਾਰਜ ਪਿ੍ਰੰਸੀਪਲ ਪ੍ਰੇਮ ਕੁਮਾਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਤੁਰਤ ਫ਼ਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ। ਅੱਗ ਦੀ ਲਪੇਟ ਵਿਚ ਆਉਣ ਨਾਲ ਇਕ ਮੋਟਰਸਾਈਕਲ ਵੀ ਸੜ ਗਿਆ। ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਦਸਿਆ ਕਿ ਅੱਗ ਪਿੰਡ ਬੇਗਮਪੁਰ ਸਾਇਡ ਤੋਂ ਸ਼ੁਰੂ ਹੋ ਕੇ ਪਿੰਡ ਕੰਗ ਅਰਾਈਆ ਅਤੇ ਸ਼ੇਖਪੁਰਾ ਵਲ ਵੱਧ ਗਈ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਨਾਲ ਖੜੀ ਕਣਕ ਅਤੇ ਨਾੜ ਦੇ ਕੁੱਝ ਖੇਤ ਸੜ ਗਏ ਹਨ। ਕਿਸਾਨਾਂ ਦੀ ਭਰਪਾਈ ਲਈ ਰੈਵਿਨਿਉ ਵਿਭਾਗ ਦੇ ਅਧਿਕਾਰੀਆਂ ਨੂੰ ਜਾਂਚ ਕਰਨ ਲਈ ਕਿਹਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਡਾ.ਬਲਜੀਤ ਸਿੰਘ ਛੋਕਰ, ਜੀਤਾ ਸਿੰਘ, ਦਵਿੰਦਰ ਸਿੰਘ ਚਾਹਲ, ਰਾਕੇਸ਼ ਕੁਮਾਰ ਸ਼ੋਸ਼ਲ ਮੀਡੀਆ ਇੰਚਾਰਜ ਅਤੇ ਹੋਰ ਹਾਜ਼ਰ ਸਨ।