
ਧਿਆਣਾ, ਫ਼ਿਰੋਜ਼ਪੁਰ, ਮੋਗਾ, ਹੁਸ਼ਿਆਰਪੁਰ ਅਤੇ ਐਸ.ਬੀ.ਐਸ. ਨਗਰ ਜ਼ਿਲ੍ਹਿਆਂ ਦੀਆਂ 20 ਨਵੀਆਂ ਖੱਡਾਂ ਚਲਣ ਨਾਲ ਹੁਣ ਗਿਣਤੀ 55 ਹੋ ਗਈ
ਚੰਡੀਗੜ੍ਹ (ਭੁੱਲਰ): ਪੰਜਾਬ ਵਿਚ ਮਹਿੰਗਾ ਰੇਤਾ ਹੁਣ ਜਨਤਕ ਖੱਡਾਂ ਦੀ ਸਕੀਮ ਕਾਰਨ ਸਸਤਾ ਹੋਣ ਨਾਲ ਆਮ ਲੋਕਾਂ ਨੂੰ ਰਾਹਤ ਮਿਲਣ ਲਗੀ ਹੈ। ਖਣਨ ਮਾਫ਼ੀਆ ਉਤੇ ਨਕੇਲ ਕਸਣ ਅਤੇ ਸਸਤੀਆਂ ਦਰਾਂ ਵਾਲੀਆਂ ਜਨਤਕ ਖੱਡਾਂ ਸ਼ੁਰੂ ਕਰਨ ਨਾਲ ਪੰਜਾਬ ਵਾਸੀਆਂ ਨੂੰ ਹੁਣ ਸਸਤਾ ਰੇਤਾ ਮਿਲਣ ਲੱਗ ਗਿਆ ਹੈ।
ਸੂਬੇ ਵਿਚ ਲੋਕਾਂ ਨੂੰ ਸਸਤੀਆਂ ਦਰਾਂ ਉਤੇ ਰੇਤਾ ਤੇ ਬਜਰੀ ਮੁਹਈਆ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕਲ ਪੰਜ ਜ਼ਿਲ੍ਹਿਆਂ ਦੀਆਂ 20 ਹੋਰ ਜਨਤਕ ਖੱਡਾਂ ਲੋਕਾਂ ਨੂੰ ਸਮਰਪਿਤ ਕੀਤੀਆਂ। ਹੁਣ ਸੂਬੇ ਵਿਚ ਅਜਿਹੀਆਂ 55 ਜਨਤਕ ਖੱਡਾਂ ਚਲ ਰਹੀਆਂ ਹਨ ਜਿਨ੍ਹਾਂ ਤੋਂ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਰੇਤਾ ਮਿਲ ਰਿਹਾ ਹੈ।
ਲੁਧਿਆਣਾ, ਫ਼ਿਰੋਜ਼ਪੁਰ, ਮੋਗਾ, ਹੁਸ਼ਿਆਰਪੁਰ ਅਤੇ ਐਸ.ਬੀ.ਐਸ. ਨਗਰ ਜ਼ਿਲ੍ਹਿਆਂ ਦੀਆਂ 20 ਨਵੀਆਂ ਖੱਡਾਂ ਚਲਣ ਨਾਲ ਜਿਥੇ ਹੁਣ ਗਿਣਤੀ 55 ਹੋ ਗਈ ਹੈ ਉਥੇ ਸੂਬਾ ਸਰਕਾਰ ਜਲਦੀ ਪੰਜਾਬ ਭਰ ਵਿਚ 150 ਜਨਤਕ ਖੱਡਾਂ ਨੂੰ ਕਾਰਜਸ਼ੀਲ ਕਰੇਗੀ। ਜਨਤਕ ਖੱਡਾਂ ਦੇ ਚਲਣ ਨਾਲ ਰਾਜ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇਨ੍ਹਾਂ ਖੱਡਾ ਵਿਚ ਕੇਵਲ ਹੱਥਾਂ ਨਾਲ ਹੀ ਰੇਤੇ ਦੀ ਖੁਦਾਈ ਕਰਨ ਦੀ ਇਜਾਜ਼ਤ ਹੈ, ਜਦੋਂ ਕਿ ਮਸ਼ੀਨਾਂ ਰਾਹੀਂ ਖੁਦਾਈ ਦਾ ਕਾਰਜ ਨਹੀਂ ਕੀਤਾ ਜਾ ਸਕੇਗਾ। ਲੋਕਾਂ ਨੂੰ ਮਿਲ ਰਹੀ ਸਹੂਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਤੋਂ ਪਹਿਲਾਂ ਹੁਣ ਤਕ ਸੂਬੇ ਵਿਚ ਚਲ ਰਹੀਆਂ 35 ਜਨਤਕ ਖੱਡਾਂ ਰਾਹੀਂ 5.82 ਲੱਖ ਮੀਟਰਿਕ ਟਨ ਰੇਤੇ ਦੀ ਖ਼ਰੀਦ ਲੋਕਾਂ ਵਲੋਂ ਕੀਤੀ ਜਾ ਚੁੱਕੀ ਹੈ ਅਤੇ 20 ਨਵੀਆਂ ਖੱਡਾ ਸ਼ੁਰੂ ਹੋਣ ਦੇ ਨਾਲ 18.29 ਲੱਖ ਮੀਟਰਿਕ ਟਨ ਰੇਤਾ ਲੋਕਾਂ ਨੂੰ ਮੁਹਈਆ ਹੋਵੇਗਾ। ਇਨ੍ਹਾਂ ਖੱਡਾਂ ਉਤੇ ਸਿੱਧੇ ਅਤੇ ਅਸਿੱਧੇ ਢੰਗ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਏ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਿਛਲੀਆਂ ਸਰਕਾਰਾਂ ਵਿੱਚ ਵਧੇ-ਫੁੱਲੇ ਰੇਤ ਮਾਫ਼ੀਆ ਦੀ ਜੜ੍ਹ ਵੱਢ ਦਿਤੀ ਹੈ ਤਾਕਿ ਲੋਕਾਂ ਨੂੰ ਸਸਤੀਆਂ ਦਰਾਂ ਉਤੇ ਰੇਤਾ ਮੁਹਈਆ ਹੋ ਸਕੇ। ਖਣਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਉਤੇ ਖਣਨ ਵਿਭਾਗ ਲੋਕਾਂ ਨੂੰ ਸਸਤਾ ਰੇਤਾ ਮੁਹਈਆ ਕਰਵਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ ਅਤੇ ਕੁਲ 150 ਜਨਤਕ ਖੱਡਾਂ ਚਲਾਉਣ ਦਾ ਟੀਚਾ ਜਲਦ ਪੂਰਾ ਹੋਵੇਗਾ।