
ਖ਼ੁਦਕੁਸ਼ੀ ਪਿੱਛੇ ਕਾਰਨਾਂ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ
ਲੁਧਿਆਣਾ (ਕਿਰਨਵੀਰ ਸਿੰਘ ਮਾਂਗਟ) : ਬੂਟਾਂ ਦੀ ਦੁਕਾਨ ਦੇ ਮਾਲਕ ਨੇ ਅਪਣੀ ਦੁਕਾਨ ਵਿਚ ਹੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਸੂਚਨਾ ਤੋਂ ਬਾਅਦ ਮੌਕੇ ’ਤੇ ਪਹੁੰਚੀ ਥਾਣਾ ਡਵੀਜ਼ਨ ਨੰਬਰ-6 ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ। ਥਾਣਾ ਇੰਚਾਰਜ ਸਤਵੰਤ ਸਿੰਘ ਬੈਂਸ ਨੇ ਦਸਿਆ ਕਿ ਮ੍ਰਿਤਕ ਦੀ ਪਛਾਣ ਅੰਮ੍ਰਿਤਪਾਲ ਸਿੰਘ 34 ਵਜੋਂ ਹੋਈ ਹੈ। ਖ਼ੁਦਕੁਸ਼ੀ ਪਿੱਛੇ ਕਾਰਨਾਂ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ।
ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿਤਾ ਹੈ। ਥਾਣਾ ਮੁਖੀ ਨੇ ਦਸਿਆ ਕਿ ਪ੍ਰਤਾਪ ਨਗਰ ਗਲੀ ਨੰਬਰ 1 ਨਜ਼ਦੀਕ ਸੰਗੀਤ ਸਿਨੇਮਾ ਵਿਖੇ ਅੰਮ੍ਰਿਤਪਾਲ ਸਿੰਘ ਬੂਟਾ ਦੀ ਦੁਕਾਨ ਚਲਾਉਂਦਾ ਸੀ। ਰੋਜ਼ਾਨਾ ਵਾਂਗ ਸਨਿਚਰਵਾਰ ਸਵੇਰੇ ਉਹ ਦੁਕਾਨ ’ਤੇ ਆਇਆ ਅਤੇ ਦੁਕਾਨ ਦਾ ਸ਼ਟਰ ਹੇਠਾਂ ਸੁੱਟ ਦਿਤਾ, ਜਦੋ ਗੁਆਂਢ ਵਿਚ ਰਹਿਣ ਵਾਲਾ ਇਕ ਵਿਅਕਤੀ ਉਸ ਨੂੰ ਮਿਲਣ ਲਈ ਆਇਆ ਤਾਂ ਉਸ ਨੇ ਦੇਖਿਆ ਕਿ ਸ਼ਟਰ ਹੇਠਾਂ ਸੁਟਿਆ ਹੋਇਆ ਸੀ। ਉਸ ਨੇ ਅੰਮ੍ਰਿਤਪਾਲ ਸਿੰਘ ਨੂੰ ਕਈ ਵਾਰ ਫ਼ੋਨ ਕੀਤਾ ਪਰ ਉਸ ਨੇ ਫ਼ੋਨ ਨਾ ਚੁਕਿਆ। ਗੁਆਂਢੀ ਨੇ ਜਦੋਂ ਸ਼ਟਰ ਹੇਠੋਂ ਝਾਤ ਮਾਰੀ ਤਾਂ ਦੇਖਿਆ ਕਿ ਅੰਮ੍ਰਿਤਪਾਲ ਨੇ ਫਾਹਾ ਲਿਆ ਹੋਇਆ ਸੀ। ਸਤਵੰਤ ਸਿੰਘ ਨੇ ਦਸਿਆ ਕਿ ਮ੍ਰਿਤਕ ਕੋਲੋਂ ਕੋਈ ਖ਼ੁਦਕੁਸ਼ੀ ਰੁੱਕਾ ਬਰਾਮਦ ਨਹੀਂ ਹੋਇਆ।