
ਪੰਜਾਬ ਦਾ ਪਹਿਲਾ ਸੀ.ਐਨ.ਜੀ. ਮਦਰ ਸਟੇਸ਼ਨ ਅੱਜ ਹੋਵੇਗਾ ਲੋਕ ਅਰਪਣ...
ਪੰਜਾਬ ਦਾ ਪਹਿਲਾ ਸੀ.ਐਨ.ਜੀ. ਮਦਰ ਸਟੇਸ਼ਨ ਅੱਜ ਹੋਵੇਗਾ ਲੋਕ ਅਰਪਣ
• ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਕਰਨਗੇ ਉਦਘਾਟਨ
• ਮੰਡੀ ਗੋਬਿੰਦਗੜ• ਦੇ ਫੋਕਲ ਪੁਆਇੰਟ 'ਤੇ ਲੱਗਣ ਵਾਲੇ ਮਦਰ ਸਟੇਸ਼ਨ ਤੋਂ ਆਮ ਲੋਕਾਂ ਨੂੰ ਅਸਾਨੀ ਨਾਲ ਮਿਲ ਸਕੇਗੀ ਸੀ.ਐਨ.ਜੀ. ਗੈਸ
• ਮਦਰ ਸਟੇਸ਼ਨ ਪੰਜਾਬ ਦੇ ਵੱਡੇ ਸ਼ਹਿਰਾਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੇ ਰੂਪਨਗਰ ਨੂੰ ਸਪਲਾਈ ਕਰੇਗਾ ਸੀ.ਐਨ.ਜੀ.
• ਜਿਲ੍ਹ ਵਿੱਚ ਚੁੰਨੀ, ਖਮਾਣੋਂ, ਸਰਹਿੰਦ ਅਤੇ ਪਤਾਰਸੀ ਵਿਖੇ ਵੀ ਛੇਤੀ ਹੀ ਖੋਲੇ ਜਾਣਗੇ ਸੀ.ਐਨ.ਜੀ. ਸਟੇਸ਼ਨ
ਆਈ.ਆਰ.ਐਮ. ਐਨਰਜੀ ਪ੍ਰਾਈਵੇਟ ਲਿਮਟਿਡ (ਕੈਡਿਲਾ ਫਾਰਮਾਸਿਉਟੀਕਲ ਕੰਪਨੀ) ਫ਼ਤਹਿਗੜ• ਸਾਹਿਬ ਜਿਲ੍ਹ ਵਿੱਚ ਫੋਕਲ ਪੁਆਇੰਟ ਮੰਡੀ ਗੋਬਿੰਦਗੜ• ਵਿਖੇ ਪੰਜਾਬ ਦਾ ਪਹਿਲਾ ਸੀ.ਐਨ.ਜੀ. ਮਦਰ ਸਟੇਸ਼ਨ ਸ਼ੁਰੂ ਕਰਨ ਜਾ ਰਹੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ. ਕਾਹਨ ਸਿੰਘ ਪੰਨੂ, ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਦੇ ਨਾਲ ਅੱਜ ਇਸ ਸਟੇਸ਼ਨ ਦਾ ਉਦਘਾਟਨ ਕਰਨਗੇ।
ਇਸ ਮਦਰ ਸਟੇਸ਼ਨ ਦੇ ਚਾਲੂ ਹੋਣ ਨਾਲ ਕਾਰਾਂ, ਆਟੋ ਰਿਕਸ਼ਾ, ਸਕੂਲਾਂ ਤੇ ਕਾਲਜਾਂ ਦੀਆਂ ਬੱਸਾਂ ਅਤੇ ਛੋਟੇ ਕਮਰਸ਼ੀਅਲ ਵਾਹਨਾਂ ਲਈ ਅਸਾਨੀ ਨਾਲ ਸੀ.ਐਨ.ਜੀ. ਗੈਸ ਉਪਲਬਧ ਹੋ ਸਕੇਗੀ। ਇਹ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਾਤਾਵਰਣ ਇੰਜਨੀਅਰ ਸ਼੍ਰੀ ਆਰ.ਕੇ. ਨਈਅਰ ਨੇ ਦੱਸਿਆ ਕਿ ਸੀ.ਐਨ.ਜੀ. ਗੈਸ ਸਸਤੀ, ਸੁਰੱਖਿਅਤ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਅਨੁਕੂਲ ਬਾਲਣ ਹੈ।
ਉਹਨਾਂ ਨੇ ਹੋਰ ਦੱਸਿਆ ਕਿ ਇਸ ਸੀ.ਐਨ.ਜੀ. ਮਦਰ ਸਟੇਸ਼ਨ ਦਾ ਲਾਭ ਫ਼ਤਹਿਗੜ• ਸਾਹਿਬ, ਸਰਹਿੰਦ, ਮੰਡੀ ਗੋਬਿੰਦਗੜ• ਤੇ ਅਮਲੋਹ ਦੇ ਲੋਕ ਬੜੀ ਅਸਾਨੀ ਨਾਲ ਉਠਾ ਸਕਦੇ ਹਨ ਅਤੇ ਕੰਪਨੀ ਵੱਲੋਂ ਜਲਦੀ ਹੀ ਜਿਲ੍ਹ ਵਿੱਚ ਚੁੰਨੀ, ਖਮਾਣੋਂ, ਸਰਹਿੰਦ ਅਤੇ ਪਤਾਰਸੀ ਵਿਖੇ ਸੀ.ਐਨ.ਜੀ. ਸਟੇਸ਼ਨਾਂ ਦੀ ਸਥਾਪਨਾਂ ਕੀਤੀ ਜਾਵੇਗੀ।
ਸ਼੍ਰੀ ਨਈਅਰ ਨੇ ਦੱਸਿਆ ਕਿ ਸੀ.ਐਨ.ਜੀ. ਦਾ ਇਹ ਮਦਰ ਸਟੇਸ਼ਨ ਜਿਥੇ ਨਾਲ ਲੱਗਦੇ ਸ਼ਹਿਰਾਂ ਲਈ ਸੀ.ਐਨ.ਜੀ. ਦਾ ਮੁੱਖ ਸਰੋਤ ਹੋਵੇਗਾ ਉਥੇ ਹੀ ਇਸ ਮਦਰ ਸਟੇਸ਼ਨ ਤੋਂ ਸੀ.ਐਨ.ਜੀ. ਗੈਸ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਰੂਪਨਗਰ ਨੂੰ ਵੀ ਸਪਲਾਈ ਕੀਤੀ ਜਾਵੇਗੀ।
ਆਈ.ਆਰ.ਐਮ. ਐਨਰਜੀ ਪ੍ਰਾਈਵੇਟ ਲਿਮਟਿਡ ਦੇ ਸਹਾਇਕ ਉਪ ਪ੍ਰਧਾਨ ਰਘੂਵਿਰਸਿਨ ਸੋਲੰਕੀ ਨੇਦੱਸਿਆ ਕਿ ਸੀ.ਐਨ.ਜੀ. ਕੁਦਰਤੀ ਗੈਸ ਬਾਕੀ ਦੇ ਰਵਾਇਤੀ ਪੈਟਰੋਲੀਅਮ ਉਤਪਾਦਾਂ ਨਾਲੋਂ ਵਧੇਰੇ ਲਾਹੇਵੰਦ ਹੈ। ਸੀ.ਐਨ.ਜੀ. ਦੇ ਇੱਕ ਚੁਸਤ ਤੇ ਕਫਾਇਤੀ ਬਾਲਣ ਹੋਣ ਕਾਰਨ ਬੱਸਾਂ, ਡਿਲਵਰੀ ਵਾਹਨਾਂ, ਆਟੋ, ਸਕੂਲ ਬੱਸਾਂ ਅਤੇ ਹੋਰ ਆਵਾਜਾਈ ਦੇ ਵਾਹਨਾਂ ਵਿੱਚ ਇਸ ਦੀ ਵਰਤੋਂ ਅਸਾਨੀ ਨਾਲ ਕੀਤੀ ਜਾ ਸਕਦੀ ਹੈ।
ਉਹਨਾਂ ਨੇ ਕਿਹਾ ਕਿ ਸੀ.ਐਨ.ਜੀ. ਦੀ ਵਰਤੋਂ ਨਾਲ ਪੰਜਾਬ ਦੇ ਲੋਕਾਂ ਦਾ ਤੇਲ 'ਤੇ ਲੱਗਣ ਵਾਲਾ ਪੈਸਾ ਬਚੇਗਾ ਅਤੇ ਪ੍ਰਦੂਸ਼ਣ ਦਾ ਲੈਵਲ ਘੱਟਣ ਦੇ ਨਾਲ-ਨਾਲ ਵਾਹਨਾਂ ਦੀ ਉਮਰ ਵੀ ਵਧੇਗੀ। ਉਹਨਾਂ ਨੇ ਦੱਸਿਆ ਕਿ ਸੀ.ਐਨ.ਜੀ. ਤੇ ਹੋਰ ਪੈਟਰੋਲੀਅਮ ਪਦਾਰਥਾਂ ਨਾਲੋਂ 55 ਫੀਸਦੀ ਘੱਟ ਖਰਚਾ ਆਉਂਦਾ ਹੈ।
ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਸੀ.ਐਨ.ਜੀ. ਵਿੱਚ ਬਾਕੀ ਪੈਟਰੋਲੀਅਮ ਉਤਪਾਦਾਂ ਨਾਲੋਂ ਕਾਰਬਨ ਦੀ ਮਾਤਰਾ ਘੱਟ ਹੋਣ ਕਾਰਨ ਇਹ ਇੱਕ ਸਾਫ ਸੁਥਰਾ ਬਾਲਣ ਮੰਨਿਆਂ ਜਾਂਦਾ ਹੈ। ਸੀ.ਐਨ.ਜੀ. ਜਲਣ 'ਤੇ 20 ਤੋਂ ਲੈ ਕੇ 30 ਫੀਸਦੀ ਤੱਕ ਘੱਟ ਗਰੀਨ ਹਾਊਸ ਗੈਸਾਂ ਛੱਡਦੀ ਹੈ ਅਤੇ ਪੈਟਰੋਲੀਅਮ ਉਤਪਾਦਾਂ ਨਾਲੋਂ 95 ਫੀਸਦੀ ਘੱਟ ਪ੍ਰਦੂਸ਼ਣ ਕਰਦੀ ਹੈ। ਇਸ ਤੋਂ ਇਲਾਵਾ ਸੀ.ਐਨ.ਜੀ. ਬਾਲਣ ਸਿਸਟਮ ਪੂਰੀ ਤ੍ਰਾਹ ਸੀਲਡ ਹੁੰਦਾ ਹੈ। ਇਸ ਲਈ ਵਾਸ਼ਪੀਕਰਨ ਨਾਲ ਹੋਣ ਵਾਲਾ ਪ੍ਰਦੂਸ਼ਣ ਨਹੀਂ ਹੁੰਦਾ।
ਸੀ.ਐਨ.ਜੀ. ਦੀ ਵਰਤੋਂ ਨਾਲ ਮੇਨਟੇਨੈਂਸ ਲਾਗਤ ਘਟਦੀ ਹੈ ਅਤੇ ਇਸ ਦੀ ਵਰਤੋਂ ਨਾਲ ਵਾਹਨ ਦੇ ਇੰਜਨ ਦੀ ਉਮਰ ਵੀ ਵੱਧਦੀ ਹੈ। ਸੀ.ਐਨ.ਜੀ. ਨੂੰ ਢੋਹਣ ਵਾਲੇ ਟੈਂਕ, ਪੈਟਰੋਲ ਤੇ ਡੀਜ਼ਲ ਢੋਹਣ ਵਾਲੇ ਟੈਂਕਾਂ ਨਾਲੋਂ ਵਧੇਰੇ ਮਜਬੂਤ ਹੁੰਦੇ ਹਨ, ਇਸ ਲਈ ਕਿਸੇ ਵੀ ਦੁਰਘਟਨਾਂ ਵਿੱਚ ਸੀ.ਐਨ.ਜੀ. ਲੀਕ ਹੋਣ ਦਾ ਖਤਰਾ ਵੀ ਘੱਟ ਹੁੰਦਾ ਹੈ।
ਜੇਕਰ ਇਹ ਲੀਕ ਹੋ ਵੀ ਜਾਵੇ ਤਾਂ ਵੀ ਸੀ.ਐਨ.ਜੀ. ਹਵਾ ਨਾਲੋਂ ਹਲਕੀ ਹੋਣ ਕਾਰਨ ਜਮੀਨ ਵੱਲ ਨਹੀਂ ਆਉਂਦੀ ਸਗੋਂ ਅਸਮਾਨ ਵਿੱਚ ਉਡ ਜਾਂਦੀ ਹੈ। ਇਸ ਨਾਲ ਅੱਗ ਲੱਗਣ ਜਾਂ ਜਮੀਨੀ ਪ੍ਰਦੂਸ਼ਣ ਦਾ ਖਤਰਾ ਵੀ ਘੱਟ ਜਾਂਦਾ ਹੈ। ਇਸ ਤੋਂ ਇਲਾਵਾ ਸੀ.ਐਨ.ਜੀ. ਦੁਬਾਰਾ ਭਰਵਾਉਣ ਵੇਲੇ ਵੀ ਕੋਈ ਪ੍ਰਦੂਸ਼ਣ ਨਹੀਂ ਕਰਦੀ।