
ਲੁਧਿਆਣਾ ਦਖਣੀ ਬਾਈਪਾਸ 'ਤੇ ਰਾਮਪੁਰ ਨਹਿਰੀ ਪੁਲ ਕੋਲ ਇਕ ਪੰਜਾਬ ਪੁਲਿਸ ਦੇ ਹੌਲਦਾਰ ਦੀ ਤੇਜ਼ ਰਫ਼ਤਾਰ ਕਾਰ (ਡੱਸਟਰ) ਸੀ.ਐਚ 1 ਏ.ਐਸ 5658 ਨੇ...
ਦੋਰਾਹਾ, 23 ਮਈ (ਲਾਲ ਸਿੰਘ ਮਾਂਗਟ): ਲੁਧਿਆਣਾ ਦਖਣੀ ਬਾਈਪਾਸ 'ਤੇ ਰਾਮਪੁਰ ਨਹਿਰੀ ਪੁਲ ਕੋਲ ਇਕ ਪੰਜਾਬ ਪੁਲਿਸ ਦੇ ਹੌਲਦਾਰ ਦੀ ਤੇਜ਼ ਰਫ਼ਤਾਰ ਕਾਰ (ਡੱਸਟਰ) ਸੀ.ਐਚ 1 ਏ.ਐਸ 5658 ਨੇ ਇਕ ਮੋਟਰ ਸਾਈਕਲ ਨੂੰ ਟੱਕਰ ਮਾਰ ਦਿਤੀ ਜਿਸ ਨਾਲ ਪਤੀ-ਪਤਨੀ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੇ ਤਿੰਨ ਬੱਚੇ ਗੰਭੀਰ ਜ਼ਖ਼ਮੀ ਹੋ ਗਏ। ਡਾਕਟਰਾਂ ਨੇ ਪਤੀ ਪਤਨੀ ਨੂੰ ਮ੍ਰਿਤਕ ਐਲਾਨ ਦਿਤਾ ਅਤੇ ਬੱਚਿਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਮ੍ਰਿਤਕ ਪਤੀ ਪਤਨੀ ਦੀ ਪਛਾਣ ਅਜਮੇਰ ਸਿੰਘ ਪੁੱਤਰ ਅਮਰਜੀਤ ਸਿੰਘ ਤੇ ਕੁਲਦੀਪ ਕੌਰ ਪਤਨੀ ਅਜਮੇਰ ਸਿੰਘ ਵਾਸੀ ਰੋਡ ਮਾਜਰੀ, ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ।ਮੌਕੇ 'ਤੇ ਪ੍ਰਤੱਖ ਦਰਸ਼ੀਆਂ ਅਨੁਸਾਰ ਮੋਟਰ ਸਾਈਕਲ ਸਵਾਰ ਪਤੀ ਪਤਨੀ ਅਪਣੇ ਬੱਚਿਆਂ ਸਮੇਤ ਬੇਗੋਵਾਲ ਪਿੰਡ ਤੋਂ ਬਾਈਪਾਸ ਸੜਕ ਚੜ੍ਹਨ ਲੱਗੇ ਸਨ ਕਿ ਨੀਲੋ ਸਾਇਡ ਤੋਂ ਤੇਜ਼ ਰਫ਼ਤਾਰ ਆ ਰਹੀ ਡਸਟਰ ਕਾਰ ਨੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰ ਸਾਈਕਲ 'ਤੇ ਸਵਾਰ ਤਿੰਨੋ ਬੱਚੇ ਹਵਾ ਵਿਚ ਉਡਦੇ ਨਜ਼ਰੀ ਆਏ। ਜੋੜੇ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਕਥਿਤ ਦੋਸ਼ੀਆਂ ਨੇ ਜ਼ਖ਼ਮੀਆਂ ਦੀ ਮਦਦ ਕਰਨ ਦੀ ਬਿਜਾਏ ਘਟਨਾ ਸਥਾਨ ਤੋਂ ਕਾਰ ਭਜਾ ਲਈ ਅਤੇ ਪਿੱਛੇ ਕਾਰ ਵਿਚ ਆ ਰਹੇ ਤਨਵੀਰ ਪੁੱਤਰ ਅਨਵਰ ਵਾਸੀ ਨਿਊ ਜਨਤਾ ਨਗਰ ਡਾਬਾ ਰੋਡ ਲੁਧਿਆਣਾ ਨੇ ਅਪਣੇ ਚਾਰ ਸਾਥੀਆਂ ਦੀ ਮਦਦ ਨਾਲ ਦੋਸ਼ੀਆਂ ਨੂੰ ਰੇਲਵੇ ਫਾਟਕਾਂ ਕੋਲੋਂ ਘੇਰ ਕੇ ਘਟਨਾ ਸਥਾਨ 'ਤੇ ਲੈ ਗਏ, ਜਿਥੇ ਲੋਕਾਂ ਨੇ ਪੁਲਸੀਏ ਤੇ ਉਸ ਦੇ ਸਾਥੀ ਦੀ ਚੰਗੀ ਗਰਦ ਲਾਹੀ। ਡੱਸਟਰ ਕਾਰ ਉਪਰ ਮੋਟੇ ਅੱਖਰਾਂ ਵਿਚ ਪੁਲਿਸ ਲਿਖਿਆ ਹੋਇਆ ਸੀ।
ਇਕ ਦਾਨਸ਼ਮੰਦ ਰਾਹਗੀਰ ਲਵਪ੍ਰੀਤ ਸਿੰਘ ਵਾਸੀ ਪੱਖੋਵਾਲ ਰੋਡ ਲੁਧਿਆਣਾ ਨੇ ਜ਼ਖ਼ਮੀ ਪਤੀ ਪਤਨੀ, ਬੱਚਿਆਂ ਨੂੰ ਅਪਣੀ ਕਾਰ ਵਿਚ ਪਾ ਕੇ ਦੋਰਾਹਾ ਦੇ ਸਿੱਧੂ ਹਸਪਤਾਲ ਪੁੱਜਦਾ ਕੀਤਾ। ਪੁਲਿਸ ਨੇ ਦੋਸ਼ੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਅਤੇ ਤਫ਼ਤੀਸ਼ ਏਐਸਆਈ ਤੇਜਾ ਸਿੰਘ ਕਰ ਰਹੇ ਹਨ। ਸਿੱਧੂ ਹਸਪਤਾਲ ਵਿਖੇ ਡੀਐਸਪੀ ਪਾਇਲ ਅਤੇ ਐਸਐਚਓ ਮਨਜੀਤ ਸਿੰਘ ਦੋਰਾਹਾ ਨੇ ਮੌਕੇ 'ਤੇ ਪੁੱਜੇ, ਜਿਨ੍ਹਾਂ ਦਸਿਆ ਕਿ ਕਾਰ ਦੀ ਰਫ਼ਤਾਰ ਬੇਹੱਦ ਤੇਜ਼ ਸੀ ਜਿਸ ਨੂੰ ਪੁਲਿਸ ਮੁਲਾਜ਼ਮ ਦਾ ਸਾਥੀ ਚਲਾ ਰਿਹਾ ਸੀ।
ਪੁਲਿਸ ਮੁਲਾਜ਼ਮ ਹੌਲਦਾਰ ਅੰਗਰੇਜ ਸਿੰਘ ਜ਼ਿਲ੍ਹਾ ਮੋਹਾਲੀ ਵਿਖੇ ਟ੍ਰੈਫ਼ਿਕ ਪੁਲਿਸ ਵਿਚ ਤਾਇਨਾਤ ਹੈ ਜਿਸ ਨੇ ਦਸਿਆ ਕਿ ਕਾਰ ਚਾਲਕ ਵਿਅਕਤੀ ਦਿਨੇਸ਼ ਕੁਮਾਰ ਦਿਹਾੜੀ 'ਤੇ ਲਿਆਂਦਾ ਸੀ ਤੇ ਉਹ ਮੁਕਤਸਰ ਬੱਚਿਆਂ ਨੂੰ ਲੈਣ ਜਾ ਰਹੇ ਸਨ।