
ਫਿਰੋਜ਼ਪੁਰ ਅਤੇ ਬਠਿੰਡਾ ਹਲਕੇ ਦੇ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿਚ ਬਾਦਲ ਪਰਿਵਾਰ ਨੂੰ ਕਲੀਨ ਚਿੱਟ ਦੇ ਦਿੱਤੀ ਹੈ
ਬਠਿੰਡਾ: ਪੰਜਾਬ ਵਿਚਲੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਇੰਝ ਲੱਗਦਾ ਹੈ ਕਿ ਫਿਰੋਜ਼ਪੁਰ ਅਤੇ ਬਠਿੰਡਾ ਹਲਕੇ ਦੇ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿਚ ਬਾਦਲ ਪਰਿਵਾਰ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਬੇਅਦਬੀ ਮਾਮਲੇ 'ਚ ਬੁਰੀ ਤਰ੍ਹਾਂ ਘਿਰੇ ਬਾਦਲ ਪਰਿਵਾਰ ਦੇ ਦੋ ਮੈਂਬਰ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਆਪੋ ਅਪਣੇ ਹਲਕਿਆਂ ਤੋਂ ਜਿੱਤ ਪ੍ਰਾਪਤ ਕਰਨ ਵਿਚ ਕਾਮਯਾਬ ਰਹੇ ਹਨ।
SAD
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਮੁੱਦਾ ਕਾਫ਼ੀ ਭਖਿਆ ਹੋਇਆ ਸੀ। ਜਿਸ ਦੇ ਚਲਦਿਆਂ ਅਕਾਲੀ ਦਲ ਦਾ ਕਾਫ਼ੀ ਵਿਰੋਧ ਹੋ ਰਿਹਾ ਸੀ ਕਿਉਂਕਿ ਇਹ ਮੰਦਭਾਗੀਆਂ ਘਟਨਾਵਾਂ ਅਕਾਲੀ ਸਰਕਾਰ ਵੇਲੇ ਹੀ ਵਾਪਰੀਆਂ ਸਨ। ਅਕਾਲੀ ਦਲ ਅਤੇ ਦੇ ਭਾਰੀ ਵਿਰੋਧ ਨੂੰ ਦੇਖਦਿਆਂ ਬਾਦਲ ਪਰਿਵਾਰ ਦੇ ਕਿਸੇ ਮੈਂਬਰ ਨੂੰ ਇਕ ਵੀ ਸੀਟ ਮਿਲਣ ਦੀ ਉਮੀਦ ਨਹੀਂ ਸੀ।
Bargadi Kand
ਦਰਅਸਲ ਜਿਸ ਸਮੇਂ ਬਰਗਾੜੀ ਵਿਖੇ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਵਾਪਰਿਆ ਸੀ। ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ ਅਤੇ ਸੁਖਬੀਰ ਸਿੰਘ ਬਾਦਲ ਸੂਬੇ ਦੇ ਗ੍ਰਹਿ ਮੰਤਰੀ ਸਨ। ਬੇਅਦਬੀ ਨਾਲ ਜੁੜੇ ਮਾਮਲਿਆਂ ਵਿਚ ਇਨ੍ਹਾਂ ਕੋਲੋਂ ਐਸਆਈਟੀ ਵਲੋਂ ਪੁੱਛਗਿੱਛ ਵੀ ਕੀਤੀ ਜਾ ਚੁੱਕੀ ਹੈ। ਜਿੱਥੇ ਕਾਂਗਰਸ ਪਾਰਟੀ ਇਨ੍ਹਾਂ ਘਟਨਾਵਾਂ ਲਈ ਸਿੱਧੇ ਤੌਰ 'ਤੇ ਬਾਦਲਾਂ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ ਤਾਂ ਉਥੇ ਹੀ ਪੰਜਾਬ ਦੇ ਵੱਡੀ ਗਿਣਤੀ ਲੋਕ ਵੀ ਬਾਦਲਾਂ ਨੂੰ ਹੀ ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਮੰਨਦੇ ਹਨ।
Kotakpura Goli Kand
ਇਸ ਸਭ ਦੇ ਬਾਵਜੂਦ ਫਿਰੋਜ਼ਪੁਰ ਅਤੇ ਬਠਿੰਡਾ ਵਾਸੀਆਂ ਨੇ ਬਾਦਲ ਪਰਿਵਾਰ ਦੇ ਦੋ ਮੈਂਬਰਾਂ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਨੂੰ ਲੋਕ ਸਭਾ ਚੋਣ ਜਿਤਾ ਕੇ ਪਾਰਲੀਮੈਂਟ ਵਿਚ ਭੇਜ ਦਿੱਤਾ ਹੈ। ਜਿਸ ਨਾਲ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਡੁੱਬ ਰਹੇ ਅਕਾਲੀ ਦਲ ਨੂੰ ਫਿਰ ਤੋਂ ਵੱਡਾ ਸਹਾਰਾ ਮਿਲ ਗਿਆ ਹੈ। ਜੇਕਰ ਅਕਾਲੀ ਦਲ ਦਾ ਕੋਈ ਵੀ ਉਮੀਦਵਾਰ ਚੋਣ ਨਾ ਜਿੱਤਦਾ ਤਾਂ ਯਕੀਨਨ ਤੌਰ 'ਤੇ ਇਹ ਅਕਾਲੀ ਦਲ ਲਈ ਵੱਡੇ ਖ਼ਤਰੇ ਦੀ ਘੰਟੀ ਸੀ।
Harsimrat Kaur Badal and Sukhbir Singh Badal
ਪਰ ਹੁਣ ਸੁਖਬੀਰ ਅਤੇ ਹਰਸਿਮਰਤ ਦੇ ਜਿੱਤਣ ਨਾਲ ਅਕਾਲੀ ਦਲ ਤੋਂ ਇਹ ਖ਼ਤਰੇ ਦੇ ਬੱਦਲ ਝੜਦੇ ਨਜ਼ਰ ਆਉਂਦੇ ਹਨ। ਦੱਸ ਦਈਏ ਕਿ ਲੋਕ ਸਭਾ ਚੋਣਾਂ ਦੌਰਾਨ ਦੇਸ਼ ਭਰ ਵਿਚ ਭਾਜਪਾ ਨੇ ਕਾਂਗਰਸ ਦਾ ਸੂਪੜਾ ਸਾਫ਼ ਕਰਕੇ ਰੱਖ ਦਿਤਾ ਹੈ। ਪਰ ਪੰਜਾਬ ਹੀ ਇਕ ਅਜਿਹਾ ਸੂਬਾ ਹੈ ਜਿੱਥੇ ਮੋਦੀ ਲਹਿਰ ਦਾ ਕੋਈ ਅਸਰ ਨਹੀਂ ਹੋਇਆ। ਇੱਥੇ ਭਾਜਪਾ ਨੂੰ ਸਿਰਫ 2 ਸੀਟਾਂ ਹੀ ਹਾਸਲ ਹੋ ਸਕੀਆਂ ਹਨ।