
ਬੁਧਵਾਰ ਰਾਤ ਨੂੰ ਨਿਊਜ਼ੀਲੈਂਡ 'ਚ ਦਿਸੇਗਾ ਲਾਲ ਰੰਗ ਦਾ ਵੱਡ ਅਕਾਰੀ ਚੰਦਰਮਾ
ਆਕਲੈਂਡ, 23 ਮਈ (ਹਰਜਿੰਦਰ ਸਿੰਘ ਬਸਿਆਲਾ): ਨਿਊਜ਼ੀਲੈਂਡ ਵਿਚ ਬੁੱਧਵਾਰ ਰਾਤ ਨੂੰ ਪੂਰਨ ਚੰਦਰਮਾ ਗ੍ਰਹਿਣ ਲੱਗਣ ਜਾ ਰਿਹਾ ਹੈ | ਨਿਊਜ਼ੀਲੈਂਡ ਦੇ ਦਖਣੀ ਟਾਪੂ ਵਿਖੇ ਜ਼ਿਆਦਾ ਸਾਫ਼ ਅਤੇ ਪੂਰੇ ਨਿਊਜ਼ੀਲੈਂਡ ਵਿਚ ਇਹ ਚੰਦਰਮਾ ਗ੍ਰਹਿਣ ਰਾਤ 8.47 ਮਿੰਟ ਉਤੇ ਸ਼ੁਰੂ ਹੋਵੇਗਾ ਅਤੇ ਅਗਲੇ ਦਿਨ ਸਵੇਰੇ 1.49 ਵਜੇ ਖ਼ਤਮ ਹੋਵੇਗਾ | ਇਹ ਵਰਤਾਰਾ ਉਦੋਂ ਹੁੰਦਾ ਹੈ ਜਦੋਂ ਧਰਤੀ ਸੂਰਜ ਅਤੇ ਚੰਨ ਵਿਚਕਾਰ ਆ ਜਾਂਦੀ ਹੈ | ਸੂਰਜ ਦੀਆਂ ਕਿਰਨਾਂ ਧਰਤੀ ਉਤੇ ਪੈਣਗੀਆਂ ਅਤੇ ਚੰਨ ਧਰਤੀ ਦੇ ਪਰਛਾਵੇਂ ਵਿਚ ਆ ਜਾਵੇਗਾ, ਪਰ ਕਿਰਨਾਂ ਪ੍ਰਵਰਤਿਤ ਹੋ ਕੇ ਜਦੋਂ ਚੰਦਰਮਾ ਉਤੇ ਪੈਣਗੀਆਂ ਤਾਂ ਉਹ ਲਾਲ ਰੰਗ ਦੀਆਂ ਹੋ ਜਾਣਗੀਆਂ ਜਿਸ ਕਰ ਕੇ ਚੰਦਰਮਾ ਲਾਲ ਰੰਗ ਦਾ ਦਿਸਣ ਲੱਗੇਗਾ | ਇਸ ਵੇਲੇ ਚੰਦਰਮਾ ਧਰਤੀ ਦੇ ਨੇੜੇ ਹੋ ਕੇ ਲੰਘ ਰਿਹਾ ਹੋਵੇਗਾ ਜਿਸ ਕਰ ਕੇ ਧਰਤੀ ਤੋਂ ਇਸ ਦਾ ਆਕਾਰ ਬਹੁਤ ਵੱਡਾ ਦਿਸੇਗਾ | ਰਾਤ 11.11 ਵਜੇ ਪੂਰਾ ਚੰਦਰਮਾ ਗ੍ਰਹਿਣ ਹੋ ਜਾਵੇਗਾ ਅਤੇ 14 ਮਿੰਟ ਤਕ ਰਹੇਗਾ | ਚੰਦਰਮਾ ਗ੍ਰਹਿਣ ਤਾਂ ਕਈ ਵਾਰ ਲੱਗਿਆ ਪਰ ਨਿਊਜ਼ੀਲੈਂਡ ਲਈ ਇਹ 1982 ਤੋਂ ਬਾਅਦ ਹੁਣ ਹੋ ਰਿਹਾ ਹੈ | ਦਖਣੀ ਟਾਪੂ ਵਿਚ ਕੈਂਟਰਬਰੀ ਯੂਨੀਵਰਸਿਟੀ ਵਿਚ ਜਲੰਧਰ ਕੈਂਟ ਦੀ ਸਹਾਇਕ ਲੈਕਚਰਾਰ ਡਾ. ਸਾਲੋਨੀ ਪਾਲ ਵੀ ਇਸ ਚੰਦਰਮਾ ਗ੍ਰਹਿਣ ਨੂੰ ਲੈ ਕੇ ਉਤਸ਼ਾਹਤ ਹੈ ਕਿਉਂਕਿ ਉਸ ਨੇ ਵੀ ਗ੍ਰਹਿ ਵਿਗਿਆਨ ਦੀ ਪੜ੍ਹਾਈ ਕਰ ਕੇ ਪੁਲਾੜ ਦੀਆਂ ਅਦਭੁੱਤ ਚੀਜ਼ਾਂ ਨੂੰ ਹੋਰ ਸਾਫ਼ ਵੇਖਣ ਵਾਲੀ ਪੜ੍ਹਾਈ ਕੀਤੀ ਹੈ |