
ਕਣਕ ਦੀ ਖਰੀਦ ਕਾਰਜ ਮੁਕੰਮਲ ਹੋਣ ਉਪਰੰਤ 16 ਮਈ ਤੋਂ ਕੋਵਿਡ ਨਿਯਮਾਂ ਦੀ ਪਾਲਣਾ ਕਰਦਿਆਂ ਚੱਲ ਰਹੀ ਹੈ ਅਨਾਜ ਵੰਡ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਕੌਮੀ ਖੁਰਾਕ ਸੁਰੱਖਿਆ ਐਕਟ 2013 ਅਧੀਨ ਰਜਿਸਟਰ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਅਧੀਨ ਵਾਧੂ ਤੋਰ ਤੇ ਅਨਾਜ ਵੰਡ ਦਾ ਕਾਰਜ ਰਾਜ ਵਿਚ ਕਣਕ ਦੇ ਖਰੀਦ ਸੀਜ਼ਨ ਮੁਕੰਮਲ ਹੋਣ ੳੁਪਰੰਤ 16 ਮਈ 2021 ਨੂੰ ਸ਼ੁਰੂ ਕਰ ਦਿੱਤਾ ਗਿਆ ਸੀ ਜਦਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਤਰੁਣ ਚੁੱਘ ਵਲੋਂ ਸਿਰਫ ਸਿਆਸੀ ਲਾਹਾ ਖੱਟਣ ਲਈ ਅਾਪਣੀ ਆਦਤ ਅਨੁਸਾਰ ਅਨਾਜ ਵੰਡ ਸਬੰਧੀ ਗਲਤ ਅੰਕੜੇ ਪੇਸ਼ ਕੀਤੇ ਗਏ ਹਨ। ਉਕਤ ਪ੍ਰਗਟਾਵਾ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਇਥੇ ਇਕ ਪ੍ਰੈਸ ਬਿਆਨ ਰਾਹੀਂ ਕੀਤਾ।
Captain Amarinder Singh
ਆਸ਼ੂ ਨੇ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਲੋਂ ਸੂਬੇ ਵਿਚ ਬੀਮਾਰੀ ਦੇ ਫੈਲਾਅ ਨੂੰ ਰੋਕਣ ਲਈ 3500 ਦੇ ਕਰੀਬ ਖਰੀਦ ਕੇਂਦਰ ਸਥਾਪਤ ਕੀਤੇ ਸਨ ਅਤੇ ਸਾਰੇ ਮੁਲਾਜ਼ਮ ਅਤੇ ਅਧਿਕਾਰੀਆਂ ਨੂੰ ਕਣਕ ਦੀ ਖਰੀਦ ਨੂੰ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਲਗਾਇਆ ਗਿਆ ਸੀ ਅਤੇ ਜਿਵੇਂ ਹੀ 13 ਮਈ 2021 ਨੂੰ ਕਣਕ ਦੀ ਖਰੀਦ ਮੁਕੰਮਲ ਹੋਈ ਉਸ ਤੋਂ ਬਾਅਦ 16 ਮਈ 2021 ਨੂੰ ਲਾਭਪਾਤਰੀਆਂ ਨੂੰ ਅਨਾਜ ਦੀ ਵੰਡ ਸ਼ੁਰੂ ਕਰ ਦਿੱਤੀ ਗਈ ਸੀ।
Procurement of wheat
ਉਨ੍ਹਾਂ ਦੱਸਿਆ ਕਿ ਬੀਤੇ 8 ਦਿਨਾਂ ਵਿਚ ਪੰਜਾਬ ਸਰਕਾਰ ਨੂੰ ਅਲਾਟ ਹੋਏ ਅਨਾਜ ਵਿਚੋ 98224 ਮੀਟ੍ਰਿਕ ਟਨ ਕਣਕ ਦੀ ਚੁਕਾਈ ਐਫ.ਸੀ.ਆਈ.ਦੇ ਗੁਦਾਮਾਂ ਤੋਂ ਕਰ ਲਈ ਗਈ ਹੈ ਜ਼ੋ ਕਿ ਕੁਲ ਜਾਰੀ ਅਨਾਜ ਦਾ 69 ਫ਼ੀਸਦ ਬਣਦਾ ਹੈ। ਆਸ਼ੂ ਨੇ ਦੱਸਿਆ ਕਿ ਅੱਜ ਮਿਤੀ 24 ਮਈ 2021 ਨੂੰ ਸਵੇਰੇ 10:00 ਤੱਕ 15705 ਐਮ.ਟੀ.ਕਣਕ ਦੀ ਵੰਡ ਲਾਭਪਾਤਰੀਆਂ ਨੂੰ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਨਾਜ ਵੰਡ ਦੌਰਾਨ ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ਥੋੜੇ ਥੋੜੇ ਲਾਭਪਾਤਰੀਆਂ ਨੂੰ ਬੁਲਾ ਕੇ ਵੰਡ ਕੀਤੀ ਜਾ ਰਹੀ ਹੈ।
Tarun Chugh
ਖੁਰਾਕ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਨੇ ਆਪਣੇ ਬਿਆਨ ਵਿੱਚ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਵਿਚ 75 ਫੀਸਦੀ ਅਨਾਜ ਵੰਡਣ ਦੀ ਗੱਲ ਕਹੀ ਹੈ ਅਤੇ ਉਨ੍ਹਾਂ ਨੂੰ ਇਹ ਗੱਲ ਕਹਿਣ ਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਸੀ ਕਿ ਇਨ੍ਹਾਂ ਰਾਜਾਂ ਵਿਚ ਕਿਸੇ ਫ਼ਸਲ ਦੀ ਖਰੀਦ ਨਹੀਂ ਚੱਲ ਰਹੀ ਸੀ ਜਦਕਿ ਪੰਜਾਬ ਰਾਜ ਵਿਚ ਇਸ ਸਮੇਂ ਦੌਰਾਨ ਰਿਕਾਰਡ 132 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਦਾ ਕਾਰਜ ਨੇਪਰੇ ਚਾੜ੍ਹਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਸਟੇਟ ਸਪੋਂਸਡ ਸਕੀਮ ਅਧੀਨ ਰਜਿਸਟਰਡ 8,78,184 ਲਾਭਪਾਤਰੀਆਂ ਨੂੰ ਵੀ ਅਨਾਜ ਦੀ ਵੰਡ ਕੀਤੀ ਜਾ ਰਹੀਂ ਹੈ। ਅਖੀਰ ਵਿਚ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਅਨਾਜ ਵੰਡ ਲਈ ਕੇਂਦਰ ਸਰਕਾਰ ਵੱਲੋਂ ਕਾਰਜ ਮੁਕੰਮਲ ਕਰਨ ਲਈ ਤੈਅ ਮਿਤੀ 30 ਜੂਨ 2021 ਤੋਂ ਪਹਿਲਾਂ ਅਨਾਜ ਵੰਡ ਦਾ ਕਾਰਜ ਨੇਪਰੇ ਚਾੜ ਦੇਵੇਗੀ।