
ਬੱਚਿਆਂ 'ਚ ਕੋਰੋਨਾ ਅਤੇ ਬਲੈਕ ਫ਼ੰਗਸ ਤੋਂ ਬਾਅਦ ਹੋਣ ਵਾਲੀ ਨਵੀਂ ਲਾਗ ਨੇ ਵਧਾਈ ਡਾਕਟਰਾਂ ਦੀ ਚਿੰਤਾ
'ਐਮਆਈਐਸ-ਸੀ' ਨਾਲ ਬੱਚਿਆਂ ਦੇ ਦਿਲ-ਗੁਰਦੇ ਹੋ ਸਕਦੇ ਹਨ ਪ੍ਰਭਾਵਤ
ਬੇਂਗਲੁਰੂ, 23 ਮਈ : ਕੋਵਿਡ 19 ਤੋਂ ਠੀਕ ਹੋ ਚੁੱਕੇ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਲਈ ਬਲੈਕ ਫ਼ੰਗਸ ਦੇ ਬਾਅਦ ਬੱਚਿਆਂ 'ਚ 'ਮਲਟੀ-ਸਿਸਟਮ ਇਨਫ਼ਲੈਮੇਟਰੀ ਸਿੰਡਰੋਮ' (ਐਮਆਈਐਸ-ਸੀ) ਨਵੀਂ ਚਿੰਤਾ ਦਾ ਵਿਸ਼ਾ ਬਣ ਕੇ ਸਾਹਮਣੇ ਆਇਆ ਹੈ | ਇਸ ਸਿੰਡਰੋਮ 'ਚ ਕਈ ਅੰਗ ਪ੍ਰਭਾਵਤ ਹੁੰਦੇ ਹਨ ਅਤੇ ਆਮ ਤੌਰ 'ਤੇ ਕੋਵਿਡ 19 ਨਾਲ ਪੀੜਤ ਹੋਣ ਦੇ ਕਈ ਹਫ਼ਤਿਆਂ ਬਾਅਦ ਇਸ ਨੂੰ ਦੇਖਿਆ ਗਿਆ ਹੈ | ਮਹਾਂਮਾਰੀ ਨਾਲ ਠੀਕ ਹੋਏ ਬੱਚਿਆਂ ਦੇ ਇਸ ਨਾਲ ਪੀੜਤ ਹੋਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ |
ਫ਼ੋਰਟਿਸ ਹੈਲਥ ਕੇਅਰ 'ਚ ਬੱਚਿਆਂ ਦੇ ਮਾਹਰ ਡਾ. ਯੋਗੇਸ਼ ਕੁਮਾਰ ਗੁਪਤਾ ਨੇ ਦਸਿਆ ਕਿ, ''ਮੈਂ ਨਹੀਂ ਕਹਿ ਸਕਦਾ ਕਿ ਇਹ (ਐਮਆਈਐਸ-ਸੀ) ਖ਼ਤਰਨਾਕ ਹੈ ਜਾਂ ਇਸ ਨਾਲ ਜੀਵਨ ਨੂੰ ਖ਼ਤਰਾ ਹੈ ਪਰ ਯਕੀਨੀ ਤੌਰ 'ਤੇ ਕਈ ਵਾਰ ਇਹ ਲਾਗ ਬੱਚਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਦੀ ਹੈ | ਇਹ ਬੱਚਿਆਂ ਦੇ ਦਿਲ, ਜਿਗਰ ਅਤੇ ਗੁਰਦਿਆਂ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਤ ਕਰ ਸਕਦੀ ਹੈ | ਇਹ ਕੋਰੋਨਾ ਹੋਣ ਦੇ ਚਾਰ ਤੋਂ ਛੇ ਹਫ਼ਤਿਆਂ ਦੇ ਬਾਅਦ ਹੁੰਦਾ ਹੈ |'' ਗੁਪਤਾ ਨੇ ਕਿਹਾ ਕਿ ਐਮਆਈਐਸ-ਸੀ ਕੋਵਿਡ 19 ਨਾਲ ਮੁਕਾਬਲਾ ਕਰਨ ਲਈ ਸਰੀਰ 'ਚ ਬਣੇ ਐਂਟੀਜਨ ਦੀ ਪ੍ਰਤੀਕਿਰਿਆ ਦਾ ਨਤੀਜਾ ਹੈ |
ਉਨ੍ਹਾਂ ਕਿਹਾ, ''ਕੋਵਿਡ 19 ਦੀ ਲਾਗ ਅਜਿਹਾ ਕੁੱਝ ਹੈ ਜਿਸ ਬਾਰੇ ਅਸੀਂ ਚਿੰਤਤ ਨਹੀਂ ਹੁੰਦੇ ਕਿਉਂਕਿ ਜ਼ਿਆਦਾਤਰ ਮਾਮਲਿਆਂ 'ਚ ਇਹ ਮਾਮੂਲੀ ਜਾਂ ਹਲਕੇ ਲੱਛਣ ਵਾਲਾ ਹੁੰਦਾ ਹੈ ਪਰ ਇਕ ਵਾਰ ਇਸ ਲਾਗ ਤੋਂ ਮੁਕਤ ਹੋਣ 'ਤੇ ਬੱਚਿਆਂ ਦੇ ਸਰੀਰ 'ਚ ਐਂਟੀਬਾਡੀ ਪੈਦਾ ਹੋ ਜਾਂਦੀ ਹੈ, ਇਹੀ ਐਂਟੀਬਾਡੀ
ਬੱਚਿਆਂ ਦੇ ਸਰੀਰੀ 'ਚ ਪ੍ਰਤੀਕਿਰਿਆ ਕਰਦੀ ਹੈ | ਇਹ ਉਨ੍ਹਾਂ ਦੇ ਸਰੀਰ 'ਚ ਐਲਰਜੀ ਜਾਂ ਪ੍ਰਤੀਕਿਰਿਆ ਵਰਗੀ ਹੁੰਦੀ ਹੈ |''
ਪਬਲਿਕ ਹੈਲਥ ਫ਼ਾਊਾਡੇਸ਼ਨ ਆਫ ਇੰਡੀਆ 'ਚ ਮਹਾਂਮਾਰੀ ਮਾਹਰ ਤੇ ਸੂਬਾ ਕੋਵਿਡ-19 ਤਕਨੀਕੀ ਸਲਾਹਕਾਰ ਕਮੇਟੀ ਦੇ ਮੈਂਬਰ ਡਾ. ਗਿਰੀਧਰ ਆਰ ਬਾਬੂ ਦਾ ਕਹਿਣਾ ਹੈ ਕਿ 'ਮਲਟੀ ਸਿਸਟਮ ਇਨਫਲੈਮੇਟਰੀ ਸਿੰਡਰੋਮ' ਦੇ ਅਧਿਐਨ ਦੇ ਮਹੱਤਵ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ ਹੈ | ਇਸ ਸਿੰਡਰੋਮ ਬਾਰੇ ਡੂੰਘਾਈ ਨਾਲ ਜਾਂਚ ਕਰਨ ਦੀ ਜ਼ਰੂਰਤ ਹੈ |