
ਹਰ ਸਿੱਖ ਅਪਣੇ ਕੋਲ ਲਾਇਸੈਂਸੀ ਸ਼ਸਤਰ ਰੱਖੇ : ਜਥੇਦਾਰ
ਕਿਹਾ, ਅੱਜ ਸਮਾਂ ਹੈ ਕਿ ਹਰ ਸਿੱਖ ਨੌਜਵਾਨ, ਬੱਚੇ-ਬੱਚੀਆਂ ਗਤਕਾ, ਤਲਵਾਰਬਾਜ਼ੀ, ਨਿਸ਼ਾਨੇਬਾਜ਼ੀ ਵਿਚ ਮੁਹਾਰਾਤ ਹਾਸਲ ਕਰਨ
ਅੰਮਿ੍ਤਸਰ, 23 ਮਈ (ਪਰਮਿੰਦਰ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦਾ ਸੰਦੇਸ਼ ਦਿੰਦੇ ਕਿਹਾ ਹੈ ਕਿ ਹਰ ਸਿੱਖ ਅਪਣੇ ਕੋਲ ਚੰਗੇ ਤੇ ਅਤਿ ਆਧੁਨਿਕ ਲਾਇਸੈਂਸੀ ਸ਼ਸਤਰ ਰਖੇ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਤੇ ਉਸ ਸਮੇਂ ਦੀ ਮੁਗ਼ਲੀਆਂ ਹਕੂਮਤ ਦੇ ਨਾਲ 4 ਜੰਗਾਂ ਲੜ ਕੇ ਜਿੱਤਾਂ ਹਾਸਲ ਕੀਤੀਆਂ |
ਅੱਜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰੂਆਈ ਪੁਰਬ ਮੌਕੇ ਕੌਮ ਦੇ ਨਾਮ ਵੀਡੀਉ ਸੰਦੇਸ਼ ਵਿਚ 'ਜਥੇਦਾਰ' ਨੇ ਕਿਹਾ ਕਿ ਅੱਜ ਵਕਤ ਹੈ ਕਿ ਹਰ ਸਿੱਖ ਨੌਜਵਾਨ, ਬੱਚੇ-ਬੱਚੀਆਂ ਗਤਕਾ, ਤਲਵਾਰਬਾਜ਼ੀ, ਨਿਸ਼ਾਨੇਬਾਜ਼ੀ ਵਿਚ ਮੁਹਾਰਾਤ ਹਾਸਲ ਕਰਨ | ਉਨ੍ਹਾਂ ਕਿਹਾ ਕਿ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਹਮੇਸ਼ਾ ਹੀ ਜ਼ੁਲਮ ਦਾ ਟਾਕਰਾ ਕਰਨ ਲਈ ਤੇ ਸਮੇਂ ਦੇ ਹਾਣੀ ਬਣਨ ਲਈ ਤਿਆਰ ਬਰ ਤਿਆਰ ਰਹਿਣ ਦੀ ਸਿਖਿਆ ਦਿਤੀ | ਗੁਰੂ ਸਾਹਿਬ ਨੇ ਮੁਗ਼ਲ ਸ਼ਾਸਕਾਂ ਵਲੋਂ ਕੀਤੇ ਜਾਂਦੇ ਜ਼ੁਲਮਾਂ ਵਿਰੁਧ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਵਾਜ਼ ਬੁਲੰਦ ਕੀਤੀ |
ਸਿੱਖਾਂ ਨੂੰ ਘੋੜ ਸਵਾਰੀ, ਸ਼ਸਤਰ ਵਿਦਿਆ ਆਦਿ ਦੀ ਵੀ ਸਿਖਲਾਈ ਲੈ ਕੇ ਤਿਆਰ ਬਰ ਤਿਆਰ ਰਹਿਣ ਲਈ ਕਿਹਾ | ਹੁਣ ਹਰ ਸਿੱਖ ਨੂੰ ਸਮੇਂ ਦੇ ਹਾਣੀ ਬਣਨਾ ਚਾਹੀਦਾ ਹੈ ਅਤੇ ਜਿਥੇ ਤਲਵਾਰਬਾਜ਼ੀ, ਸ਼ਸਤਰ ਵਿਦਿਆ ਦੇ ਗੁਰ ਸਿੱਖਣ ਦੀ ਲੋੜ ਹੈ, ਉੱਥੇ ਹੀ ਅੱਜ ਸਮੇਂ ਦੇ ਹਾਣੀ ਹੁੰਦੇ ਹੋਏ ਹਰ ਸਿੱਖ ਕਾਨੂੰਨੀ ਤੌਰ 'ਤੇ ਲਾਇਸੈਂਸੀ ਸ਼ਸਤਰ ਅਪਣੇ ਨਾਲ ਰੱਖੇ | 'ਜਥੇਦਾਰ' ਨੇ ਕਿਹਾ ਕਿ ਆਉਣ ਵਾਲਾ ਸਮਾਂ ਬਹੁਤ ਹੀ ਮਾੜਾ ਹੈ | ਉਨ੍ਹਾਂ ਕਿਹਾ ਕਿ ਹਰ ਸਿੱਖ ਤੰਦਰੁਸਤ ਰਹੇ ਅਤੇ ਨਸ਼ਿਆਂ ਤੋਂ ਰਹਿਤ ਰਹੇ ਕਿਉਂਕਿ ਨਸ਼ਿਆਂ ਦੀ ਅਲਾਮਤ ਨਾਲ ਨੌਜਵਾਨੀ ਦਾ ਬਹੁਤ ਘਾਣ ਹੋ ਚੁੱਕਿਆ ਹੈ |