
ਜਸਟਿਨ ਥਾਮਸ ਨੇ ਦੂਜਾ ਪੀ. ਜੀ. ਏ. ਖ਼ਿਤਾਬ ਜਿੱਤਿਆ
ਨਿਊਯਾਰਕ, 23 ਮਈ : ਅਮਰੀਕਾ ਦੇ ਜਸਟਿਨ ਥਾਮਸ ਨੇ 7 ਸ਼ਾਟ ਨਾਲ ਪਿੱਛੜਨ ਦੇ ਬਾਅਦ ਜ਼ੋਰਦਾਰ ਵਾਪਸੀ ਕਰਦੇ ਹੋਏ ਐਤਵਾਰ ਨੂੰ ਇਥੇ ਪੀ. ਜੀ. ਏ. ਗੋਲਫ਼ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਿਆ। ਥਾਮਸ ਨੇ ਆਖ਼ਰੀ ਦੌਰ ’ਚ ਤਿੰਨ ਅੰਡਰ 67 ਦੇ ਸਕੋਰ ਦੇ ਨਾਲ ਵਾਪਸੀ ਕੀਤੀ। ਉਨ੍ਹਾਂ ਦਾ ਕੁਲ ਸਕੋਰ ਪੰਜ ਅੰਡਰ 275 ਰਿਹਾ। ਉਨ੍ਹਾਂ ਨੇ ਆਪਣੇ ਹਮਵਤਨ ਵਿਲ ਜੇਲਾਟੋਰਿਸ ਨੂੰ ਤਿੰਨ ਹੋਲ ਦੇ ਪਲੇਅ ਆਫ਼ ’ਚ ਪਛਾੜ ਕੇ ਖ਼ਿਤਾਬ ਆਪਣੇ ਨਾਂ ਕੀਤਾ। ਥਾਮਸ ਦਾ ਇਹ ਦੂਜਾ ਪੀ. ਜੀ. ਏ. ਖ਼ਿਤਾਬ ਹੈ। ਚਿਲੀ ਦੇ 27 ਸਾਲਾ ਮਿਟੋ ਪਰੇਰਾ ਲਈ ਆਖ਼ਰੀ ਕੁਝ ਪਲ ਦਿਲ ਤੋੜਣ ਵਾਲੇ ਰਹੇ। ਉਹ ਪੂਰੇ ਦਿਨ ਦੀ ਖੇਡ ਦੌਰਾਨ ਕਦੀ ਨਹੀਂ ਪਿਛੜੇ ਤੇ ਅਜਿਹਾ ਲਗ ਰਿਹਾ ਸੀ ਕਿ ਉਹ ਪਲੇਅ ਆਫ਼ ਖੇਡਣਗੇ ਪਰ ਆਖ਼ਰੀ 18ਵੇਂ ਹੋਲ ’ਚ ਡਬਲ ਬੋਗੀ ਦੇ ਨਾਲ ਉਹ ਇਕ ਸ਼ਾਟ ਨਾਲ ਪਿੱਛੇ ਸਾਂਝੇ ਤੀਜੇ ਸਥਾਨ ’ਤੇ ਰਹੇ। ਅਮਰੀਕਾ ਦੇ ਹੀ ਕੈਮਰਨ ਯੰਗ ਵੀ ਚਾਰ ਅੰਡਰ ਦੇ ਕੁਲ ਸਕੋਰ ਦੇ ਨਾਲ ਸਾਂਝੇ ਤੀਜੇ ਸਥਾਨ ’ਤੇ ਰਹੇ। (ਏਜੰਸੀ)