
ਸ੍ਰੀਲੰਕਾ ’ਚ ਹਸਪਤਾਲ ਜਾਣ ਲਈ ਪਟਰੌਲ ਨਾ ਮਿਲਣ ਕਾਰਨ ਨਵਜੰਮੇ ਬੱਚੇ ਦੀ ਮੌਤ
ਕੋਲੰਬੋ, 23 ਮਈ : ਸ੍ਰੀਲੰਕਾ ਵਿਚ ਈਂਧਨ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਇਥੇ ਦੋ ਦਿਨ ਦੇ ਬੱਚੇ ਦੀ ਮੌਤ ਤੋਂ ਬਾਅਦ ਇਕ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਕਿਉਂਕਿ ਉਸ ਦੇ ਪਿਤਾ ਨੂੰ ਆਪਣੀ ਕਾਰ ਲਈ ਪਟਰੌਲ ਨਹੀਂ ਮਿਲ ਸਕਿਆ, ਜਿਸ ਕਾਰਨ ਉਹ ਮਾਸੂਮ ਨੂੰ ਹਸਪਤਾਲ ਨਹੀਂ ਲਿਜਾ ਸਕਿਆ। ਦਿਯਾਤਲਾਵਾ ਹਸਪਤਾਲ ਦੇ ਜੁਡੀਸ਼ੀਅਲ ਮੈਡੀਕਲ ਅਫਸਰ (ਜੇਐਮਓ) ਸ਼ਨਾਕਾ ਰੋਸ਼ਨ ਪਥੀਰਾਨਾ ਨੇ ਬੱਚੇ ਦਾ ਪੋਸਟਮਾਰਟਮ ਕੀਤਾ ਅਤੇ ਸੋਸ਼ਲ ਮੀਡੀਆ ’ਤੇ ਦਿਲ ਦਹਿਲਾ ਦੇਣ ਵਾਲੀ ਕਹਾਣੀ ਸਾਂਝੀ ਕੀਤੀ।
ਰਾਜਧਾਨੀ ਕੋਲੰਬੋ ਤੋਂ ਲਗਭਗ 190 ਕਿਲੋਮੀਟਰ ਦੂਰ ਹਲਦਾਮੁਲਾ ਵਿਚ ਮਾਪੇ ਆਪਣੇ ਬੱਚੇ ਨੂੰ ਹਸਪਤਾਲ ਲਿਜਾਣਾ ਚਾਹੁੰਦੇ ਸਨ ਕਿਉਂਕਿ ਉਸ ਵਿਚ ਪੀਲੀਆ ਦੇ ਲੱਛਣ ਦਿਖਾਈ ਦੇ ਰਹੇ ਸਨ ਅਤੇ ਉਹ ਦੁੱਧ ਵੀ ਨਹੀਂ ਪੀ ਰਿਹਾ ਸੀ। ਬਾਲਣ ਦੀ ਕਿੱਲਤ ਕਾਰਨ ਬੱਚੇ ਦਾ ਪਿਤਾ ਘੰਟਿਆਂ ਬੱਧੀ ਪਟਰੌਲ ਲੱਭਦਾ ਰਿਹਾ। ਅੰਤ ਵਿਚ ਜਦੋਂ ਬੱਚਾ ਹਲਦਾਮੁੱਲਾ ਦੇ ਇਕ ਹਸਪਤਾਲ ਵਿਚ ਪਹੁੰਚਿਆ ਤਾਂ ਡਾਕਟਰਾਂ ਨੂੰ ਉਸ ਨੂੰ ਦਿਆਤਲਵਾ ਹਸਪਤਾਲ ਦੇ ਐਮਰਜੈਂਸੀ ਇਲਾਜ ਯੂਨਿਟ (ਈਟੀਯੂ) ਵਿਚ ਸ਼ਿਫਟ ਕਰਨਾ ਪਿਆ। ਉਸ ਨੂੰ ਦਾਖ਼ਲ ਕਰਨ ਵਿਚ ਦੇਰੀ ਕਾਰਨ ਬੱਚੇ ਦੀ ਸਿਹਤ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ।
ਆਪਣੀ ਸੋਸ਼ਲ ਮੀਡੀਆ ਪੋਸਟ ਵਿਚ ਪਥੀਰਾਨਾ ਨੇ ਰਾਜਨੀਤਿਕ ਅਧਿਕਾਰੀਆਂ ’ਤੇ ਸਭ ਤੋਂ ਖਰਾਬ ਆਰਥਿਕ ਸੰਕਟ ਵਿਚ ਲੋਕਾਂ ਦੀ ਮਦਦ ਕਰਨ ਵਿਚ ਅਸਫਲ ਰਹਿਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੋਸਟਮਾਰਟਮ ਕਰਨਾ ਬਹੁਤ ਦੁਖਦਾਈ ਸੀ ਕਿਉਂਕਿ ਬੱਚੇ ਦੇ ਸਾਰੇ ਅੰਗ ਚੰਗੀ ਤਰ੍ਹਾਂ ਵਿਕਸਿਤ ਸਨ। ਮਾਪਿਆਂ ਲਈ ਇਹ ਨਿਰਾਸ਼ਾਜਨਕ ਯਾਦ ਹੈ ਕਿ ਉਹ ਆਪਣੇ ਬੱਚੇ ਨੂੰ ਸਿਰਫ਼ ਇਸ ਲਈ ਨਹੀਂ ਬਚਾ ਸਕੇ ਕਿਉਂਕਿ ਉਨ੍ਹਾਂ ਨੂੰ ਇਕ ਲੀਟਰ ਪਟਰੌਲ ਨਹੀਂ ਮਿਲਿਆ।
ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਇਸ ਸਮੇਂ ਬਿਜਲੀ ਅਤੇ ਈਂਧਨ ਦੀ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਹੋਰ ਜ਼ਰੂਰੀ ਚੀਜ਼ਾਂ ਦੇ ਨਾਲ ਈਂਧਨ ਅਤੇ ਗੈਸ ਆਯਾਤ ਕਰਨ ਲਈ ਡਾਲਰ ਲੱਭਣ ਲਈ ਸੰਘਰਸ਼ ਕਰ ਰਿਹਾ ਹੈ। (ਏਜੰਸੀ)
ਭਾਰਤ ਨੇ ਕਈ ਮੌਕਿਆਂ ’ਤੇ ਸ਼੍ਰੀਲੰਕਾ ਦੀ ਮਦਦ ਕੀਤੀ ਹੈ ਅਤੇ ਸ਼ਨੀਵਾਰ ਨੂੰ ਕਰਜ਼ੇ ਦੀ ਸਹੂਲਤ ਦੇ ਤਹਿਤ 40,000 ਮੀਟ੍ਰਿਕ ਟਨ ਡੀਜ਼ਲ ਮੁਹੱਈਆ ਕਰਵਾਇਆ ਹੈ। ਅਪ੍ਰੈਲ ਵਿਚ, ਭਾਰਤ ਨੇ ਈਂਧਨ ਆਯਾਤ ਕਰਨ ਲਈ 500 ਮਿਲੀਅਨ ਡਾਲਰ ਦੀ ਵਾਧੂ ਕ੍ਰੈਡਿਟ ਲਾਈਨ ਵਧਾ ਦਿਤੀ। (ਏਜੰਸੀ)