ਕਿਸਾਨੀ ਅੰਦੋਲਨ ਦੌਰਾਨ ਹਿੱਸਾ ਲੈਣ ਵਾਲੇ ਪ੍ਰਵਾਸੀ ਪੰਜਾਬੀਆਂ ਨੂੰ ਭਾਰਤ ਸਰਕਾਰ ਤੰਗ ਨਾ ਕਰੇ : ਕੁਲਦੀਪ ਸਿੰਘ ਧਾਲੀਵਾਲ
Published : May 24, 2023, 4:05 pm IST
Updated : May 24, 2023, 4:05 pm IST
SHARE ARTICLE
phot
phot

ਵਿਦੇਸ਼ੀ ਨਾਗਰਿਕਾਂ ਨੂੰ ਪੰਜਾਬ 'ਚ ਖੇਤੀਬਾੜੀ ਲਈ ਜ਼ਮੀਨ ਖਰੀਦਣ ਦੀ ਇਜਾਜ਼ਤ ਦੇਣ ਦੀ ਵਕਾਲਤ

 

ਚੰਡੀਗੜ੍ਹ : ਪੰਜਾਬ ਦੇ ਪਰਵਾਸੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਜਿਨ੍ਹਾਂ ਪਰਵਾਸੀ ਪੰਜਾਬੀਆਂ ਨੇ ਕਿਸਾਨੀ ਅੰਦੋਲਨ ਦੌਰਾਨ ਹਿੱਸਾ ਲਿਆ ਸੀ ਉਨ੍ਹਾਂ ਨੂੰ ਕੇਂਦਰ ਸਰਕਾਰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰੇ। ਇਥੇ ਜੇ ਡਬਲਯੂ ਮੈਰੀਅਟ ਹੋਟਲ ਵਿੱਚ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਪੰਜਾਬ ਦੇ ਐਨ ਆਰ ਆਈ ਵਿਭਾਗ ਵਲੋਂ ਸਾਂਝੇ ਤੌਰ ਉੱਤੇ ਕਰਵਾਏ ਗਏ ਵਿਦੇਸ਼ ਸੰਪਰਕ ਪ੍ਰੋਗਰਾਮ ਦੌਰਾਨ ਬੋਲਦਿਆਂ ਧਾਲੀਵਾਲ ਨੇ ਕਿਹਾ ਕਿ ਜਿਹੜੇ ਪਰਵਾਸੀ ਪੰਜਾਬੀਆਂ ਨੇ ਕਿਸਾਨੀ ਅੰਦੋਲਨ ਦੌਰਾਨ ਕੇਂਦਰ ਸਰਕਾਰ ਦੇ ਖੇਤੀ ਮਾਰੂ ਕਾਨੂੰਨਾਂ ਵਿਰੁੱਧ ਹਿੱਸਾ ਲਿਆ ਸੀ ਉਨ੍ਹਾਂ ਨੂੰ ਭਾਰਤ ਵਿਚ ਆਉਣ ਤੋਂ ਰੋਕੇ ਜਾਣ ਅਤੇ ਹੋਰ ਕਈ ਤਰੀਕਿਆਂ ਨਾਲ ਤੰਗ ਕੀਤਾ ਜਾ ਰਿਹਾ ਹੈ ਅਤੇ ਕਈਆਂ ਨੂੰ ਕਾਲੀ ਸੂਚੀ ਵਿਚ ਸ਼ਾਮਿਲ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਹ ਵਰਤਾਰਾ ਬੰਦ ਹੋਣਾ ਚਾਹੀਦਾ ਹੈ ਕਿਉਂ ਪਰਵਾਸੀ ਪੰਜਾਬੀਆਂ ਨੇ ਇਸ ਅੰਦੋਲਨ ਵਿਚ ਇਸ ਲਈ ਹਿੱਸਾ ਲਿਆ ਸੀ ਕਿਉਂ ਕਿ ਉਹ ਆਪਣੇ ਦੇਸ਼, ਆਪਣੀ ਭੂਮੀ ਨੂੰ ਪਿਆਰ ਕਰਦੇ ਹਨ ਅਤੇ ਇਥੋਂ ਦੀ ਤਰੱਕੀ ਲਈ ਫ਼ਿਕਰਮੰਦ ਹਨ। ਪਰਵਾਸੀ ਪੰਜਾਬੀਆਂ ਸਮੇਤ ਹਰੇਕ ਵਿਦੇਸ਼ੀ ਭਾਰਤੀ ਆਪਣੀ ਜ਼ਮੀਨ ਪ੍ਰਤੀ ਭਾਵੁਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਪੰਜਾਬੀਆਂ ਪ੍ਰਤੀ ਅਜਿਹੇ ਵਤੀਰੇ ਕਰ ਕੇ ਵਿਦੇਸ਼ਾਂ ਵਿਚ ਭਾਰਤ ਸਰਕਾਰ ਪ੍ਰਤੀ ਨਾਕਰਾਤਮਕ ਸੁਨੇਹਾ ਜਾ ਰਿਹਾ ਹੈ, ਜਿਸ ਨੂੰ ਰੋਕਿਆ ਜਾਣਾ ਚਾਹੀਦਾ ਹੈ।

ਧਾਲੀਵਾਲ ਨੇ ਇਕ ਹੋਰ ਗੰਭੀਰ ਮੁੱਦਾ ਚੁੱਕਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਰਾਜਨੀਤਕ ਸ਼ਰਨ ਲੈਣ ਵਾਲਿਆਂ ਲਈ ਵੀ ਭਾਰਤ ਸਰਕਾਰ ਨੂੰ ਕੋਈ ਠੋਸ ਨੀਤੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਜਿਹੇ ਵਿਅਕਤੀ ਵਿਦੇਸ਼ਾਂ ਵਿਚ ਪੱਕੇ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਜਨਮ ਭੂਮੀ 'ਤੇ ਪਰਤਣ ਵਿਚ ਬਹੁਤ ਮੁਸ਼ਕਿਲ ਆਉਂਦੀ ਹੈ। ਉਨ੍ਹਾ ਕਿਹਾ ਕਿ ਰਾਜਨੀਤਕ ਸ਼ਰਨ ਲੈਣ ਵੇਲੇ ਸਬੰਧਿਤ ਵਿਅਕਤੀ ਦੇ ਹਾਲਾਤ ਭਾਵੇਂ ਕਿਹੋ ਜਹੇ ਵੀ ਰਹੇ ਹੋਣ ਪਰ ਵਿਦੇਸ਼ ਵਿਚ ਪੱਕੇ ਹੋਣ ਤੋਂ ਬਾਅਦ ਉਹ ਆਪਣੇ ਦੇਸ਼ ਆ ਸਕਦਾ ਹੈ ਜਾਂ ਨਹੀਂ, ਇਸ ਮਸਲੇ ਨੂੰ ਹੱਲ ਕਰਨ ਲਈ ਭਾਰਤ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ।

ਧਾਲੀਵਾਲ ਨੇ ਇਸ ਮੌਕੇ ਬੋਲਦਿਆਂ ਵਿਦੇਸ਼ੀ ਨਾਗਰਿਕਾਂ ਖਾਸ ਤੌਰ ਉੱਤੇ ਪਰਵਾਸੀ ਪੰਜਾਬੀਆਂ ਨੂੰ ਪੰਜਾਬ ਵਿੱਚ ਖੇਤੀਬਾੜੀ ਲਈ ਜ਼ਮੀਨ ਖਰੀਦਣ ਦੀ ਇਜਾਜ਼ਤ ਦੇਣ ਦੀ ਵੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਪਰਵਾਸੀ ਕਮਰਸ਼ੀਅਲ ਜ਼ਮੀਨ ਤਾਂ ਖਰੀਦ ਸਕਦੇ ਹਨ ਪਰ ਖੇਤੀ ਲਈ ਜ਼ਮੀਨ ਖਰੀਦਣ ਦੀ ਉਨ੍ਹਾਂ ਨੂੰ ਇਜਾਜ਼ਤ ਨਹੀਂ ਹੈ ਅਤੇ ਇਸ ਬਾਬਤ ਵੀ ਕੋਈ ਠੋਸ ਹੱਲ ਕੱਢਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਪਰਵਾਸੀ ਪੰਜਾਬੀਆਂ ਦੇ ਮਸਲਿਆਂ ਦੇ ਹੱਲ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਬਹੁਤ ਸਾਰਥਕ ਕਦਮ ਚੁੱਕ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਐਨ ਆਰ ਆਈ ਸੰਮੇਲਨ ਕਰਵਾ ਕੇ ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਂਵਾਂ ਨੂੰ ਦੂਰ ਕੀਤਾ ਉਥੇ ਹੀ ਹਰੇਕ ਐਨ ਆਰ ਆਈ ਦੀ ਸ਼ਿਕਾਇਤ ਦਾ ਗੰਭੀਰ ਨੋਟਿਸ ਲੈਕੇ ਸਬੰਧਿਤ ਵਿਭਾਗ ਨੂੰ ਪਹਿਲ ਦੇ ਆਧਾਰ ਉੱਤੇ ਸ਼ਿਕਾਇਤਾਂ ਨੂੰ ਨਿਪਟਾਉਣ ਦੇ ਨਿਰਦੇਸ਼ ਜਾਰੀ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਪੰਜਾਬ ਸਰਕਾਰ ਪਰਵਾਸੀ ਪੰਜਾਬੀਆਂ ਦੇ ਮਸਲੇ ਹੱਲ ਕਰਨ ਲਈ ਗੰਭੀਰ ਅਤੇ ਵਚਨਬੱਧ ਹੈ ਪਰ ਕਈ ਮਸਲੇ ਭਾਰਤ ਸਰਕਾਰ ਦੇ ਪੱਧਰ ਉੱਤੇ ਹੱਲ ਹੋਣੇ ਹੁੰਦੇ ਹਨ ਇਸ ਲਈ ਕੇਂਦਰ ਸਰਕਾਰ ਸੂਬਾ ਸਰਕਾਰ ਦਾ ਸਹਿਯੋਗ ਕਰੇ।

ਉਨ੍ਹਾਂ ਕਿਹਾ ਕਿ ਜਿਹੜੇ ਟਰੈਵਲ ਜਾਂ ਇਮੀਗ੍ਰੇਸ਼ਨ ਏਜੰਟ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਮਨੁੱਖੀ ਸਮੱਗਲਿੰਗ ਕਰਦੇ ਹਨ, ਅਜਿਹੇ ਲੋਕਾਂ ਵਿਰੁੱਧ ਸ਼ਿਕੰਜਾ ਕੱਸਣ ਦੀ ਬਹੁਤ ਜਿਆਦਾ ਲੋੜ ਹੈ। ਪੰਜਾਬ ਵਿੱਚ ਥਾਂ ਥਾਂ ਖੁੱਲ੍ਹੀਆਂ ਆਈਲੈਟਸ ਦੀਆਂ ਦੁਕਾਨਾਂ, ਜਿਨ੍ਹਾਂ 'ਚੋਂ ਜ਼ਿਆਦਾ ਵਿਦਿਆਰਥੀਆਂ ਦੀ ਅੰਨ੍ਹੀ ਆਰਥਿਕ ਲੁੱਟ ਕਰ ਰਹੀਆਂ ਹਨ, ਉਨ੍ਹਾਂ ਬਾਬਤ ਬੋਲਦਿਆਂ ਧਾਲੀਵਾਲ ਨੇ ਕਿਹਾ ਕਿ ਪੰਜਾਬ ਅਤੇ ਗੁਆਂਢੀ ਸੂਬਿਆਂ ਵਿਚੋਂ ਵੱਡੀ ਗਿਣਤੀ ਵਿਚ ਨੌਜਵਾਨ ਵਿਦੇਸ਼ਾਂ ਵਿਚ ਜਾ ਰਹੇ ਹਨ ਅਤੇ 4-5 ਮਹੀਨਿਆਂ ਦੇ ਆਈਲੈਟਸ ਕੋਰਸ ਦੇ ਲੱਖਾਂ ਰੁਪਏ ਲਏ ਜਾ ਰਹੇ ਹਨ। ਧਾਲੀਵਾਲ ਨੇ ਸੁਝਾਅ ਦਿੱਤਾ ਕਿ ਆਈਲੈਟਸ ਵਰਗੇ ਕੋਰਸ ਨੂੰ ਸਾਡੇ ਸਿੱਖਿਆ ਸਿਸਟਮ ਨਾਲ ਜੋੜਨਾ ਚਾਹੀਦਾ ਹੈ। ਇਸ ਨਾਲ ਜਿੱਥੇ ਨੌਜਵਾਨਾਂ ਦੀ ਅੰਗਰੇਜ਼ੀ ਭਾਸ਼ਾ ਉੱਤੇ ਪਕੜ ਮਜ਼ਬੂਤ ਹੋਵੇਗੀ ਉੱਥੇ ਹੀ ਉਹ ਆਰਥਿਕ ਲੁੱਟ ਤੋਂ ਵੀ ਬਚ ਜਾਣਗੇ।

ਧਾਲੀਵਾਲ ਨੇ ਪਰਵਾਸੀ ਭਾਰਤੀਆਂ ਲਈ ਸਪੈਸ਼ਲ ਅਦਾਲਤਾਂ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਜੋ ਉਨ੍ਹਾਂ ਦੇ ਮਸਲੇ ਸਮਾਂਬੱਧ ਤਰੀਕੇ ਨਾਲ ਨਿਪਟਾ ਸਕਣ । ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਸਰਕਾਰ ਵਿਦੇਸ਼ਾਂ ਵਿਚ ਨਿਯੁਕਤ ਕੀਤੇ ਅੰਬੈਸਡਰਾਂ ਨੂੰ ਇਹ ਦਿਸ਼ਾ ਨਿਰਦੇਸ਼ ਜਾਰੀ ਕਰੇ ਕਿ ਉਹ ਪਰਵਾਸੀ ਭਾਰਤੀਆਂ ਪ੍ਰਤੀ ਸੰਵੇਦਨਾ ਅਤੇ ਆਦਰ ਰੱਖਣ ਕਿਉਂ ਕਿ ਅਜਿਹੀਆਂ ਸ਼ਿਕਾਇਤਾਂ ਆਮ ਮਿਲਦੀਆਂ ਰਹਿੰਦੀਆਂ ਹਨ ਕਿ ਬਾਹਰ ਅੰਬੇਸੀਆਂ ਵਿਚਲੇ ਸਟਾਫ਼ ਦਾ ਵਤੀਰਾ ਪਰਵਾਸੀਆਂ ਪ੍ਰਤੀ ਬਹੁਤ ਨਿਰਾਸ਼ਾਜਨਕ ਅਤੇ ਨਾਕਰਾਤਮਕ ਹੁੰਦਾ ਹੈ। ਧਾਲੀਵਾਲ ਨੇ ਇਹ ਸੁਝਾਅ ਵੀ ਦਿੱਤਾ ਕਿ ਵਿਦੇਸ਼ ਸੰਪਰਕ ਪ੍ਰੋਗਰਾਮ ਵਿਚ ਵਿਚਾਰ ਚਰਚਾ ਲਈ ਪਰਵਾਸੀ ਭਾਰਤੀਆਂ ਨੂੰ ਵੀ ਸੱਦਿਆ ਜਾਵੇ ਅਤੇ ਪਰਵਾਸੀਆਂ ਦੇ ਮਸਲਿਆਂ ਦੇ ਹੱਲ ਲਈ ਏਦਾਂ ਦੇ ਸਮਾਗਮ ਹੁੰਦੇ ਰਹਿਣੇ ਚਾਹੀਦੇ ਹਨ।

ਇਸ ਮੌਕੇ ਭਾਰਤ ਸਰਕਾਰ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਸਕੱਤਰ ਡਾ. ਔਸਫ ਸਈਅਦ, ਪੰਜਾਬ ਦੇ ਐਨ ਆਰ ਆਈ ਵਿਭਾਗ ਦੇ ਪ੍ਰਮੁੱਖ ਸਕੱਤਰ ਦਲੀਪ ਕੁਮਾਰ, ਸਕੱਤਰ ਕੰਵਲ ਪ੍ਰੀਤ ਬਰਾੜ ਤੋਂ ਇਲਾਵਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਅਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਹਾਜ਼ਿਰ ਸਨ

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement