ਮ੍ਰਿਤਕ ਦੀ ਪਛਾਣ ਬੂਟਾ ਸਿੰਘ ਵਾਸੀ ਪੱਤੀ ਬੁੱਢਾ ਪਿੰਡ ਦਾਖਾ ਵਜੋਂ ਹੋਈ
Jagraon Road Accident : ਜਗਰਾਉਂ 'ਚ ਕੰਮ ਤੋਂ ਵਾਪਸ ਆਪਣੇ ਘਰ ਪਰਤ ਰਹੇ ਬਾਈਕ ਸਵਾਰ ਨੂੰ ਟਰੈਕਟਰ ਚਾਲਕ ਨੇ ਟੱਕਰ ਮਾਰ ਦਿੱਤੀ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਾਈਕ ਸਵਾਰ ਕਾਫੀ ਦੂਰ ਜਾ ਡਿੱਗਿਆ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਜਿਸਨੂੰ ਪਿੱਛੇ ਤੋਂ ਆ ਰਹੇ ਛੋਟੇ ਭਰਾ ਨੇ ਚੁੱਕ ਕੇ ਹਸਪਤਾਲ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ। ਜਿੱਥੇ ਲੁਧਿਆਣਾ ਵਿਖੇ ਇਲਾਜ ਦੌਰਾਨ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਬੂਟਾ ਸਿੰਘ ਵਾਸੀ ਪੱਤੀ ਬੁੱਢਾ ਪਿੰਡ ਦਾਖਾ ਵਜੋਂ ਹੋਈ ਹੈ। ਇਸ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਇਸ ਮਾਮਲੇ ਵਿੱਚ ਟਰੈਕਟਰ ਚਾਲਕ ਦੋ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਆਰੋਪੀਆਂ ਦੀ ਪਛਾਣ ਭੁਪਿੰਦਰ ਸਿੰਘ ਉਰਫ਼ ਭੁਪਿੰਦਰਜੀਤ ਵਾਸੀ ਪਿੰਡ ਖਿਚੀਆਂ ਜ਼ਿਲ੍ਹਾ ਜਲੰਧਰ ਅਤੇ ਹਰਭਜਨ ਸਿੰਘ ਵਾਸੀ ਫਤਿਹਗੜ੍ਹ ਨਿਵਾੜਾ ਵਜੋਂ ਹੋਈ ਹੈ।
ਮ੍ਰਿਤਕ ਦੇ ਭਰਾ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦਾ ਮ੍ਰਿਤਕ ਭਰਾ ਬੂਟਾ ਸਿੰਘ ਦੋਵੇਂ ਆਪਣੇ ਕੰਮ ਤੋਂ ਵਾਪਸ ਆ ਰਹੇ ਸਨ।ਉਸ ਦਾ ਭਰਾ ਆਪਣੇ ਬਾਇਕ 'ਤੇ ਉਸ ਤੋਂ ਥੋੜਾ ਅੱਗੇ ਜਾ ਰਿਹਾ ਸੀ। ਇਸੇ ਦੌਰਾਨ ਰਾਏਕੋਟ ਸਾਈਡ ਤੋਂ ਆ ਰਹੇ ਇੱਕ ਟਰੈਕਟਰ ਚਾਲਕ ਨੇ ਆਪਣੀ ਟਰਾਲੀ ਦੇ ਪਿੱਛੇ ਟੋਚ ਪਾ ਕੇ ਦੂਸਰਾ ਟਰੈਕਟਰ ਟਰਾਲੀ ਦਾ ਟੋਚਨ ਪਾ ਰੱਖਿਆ ਸੀ। ਇਸ ਦੌਰਾਨ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਉਸ ਨੂੰ ਓਵਰਟੇਕ ਕਰਕੇ ਅੱਗੇ ਨਿਕਲੇ ਹੀ ਸੀ।
ਉਨ੍ਹਾਂ ਨੇ ਅੱਗੇ ਜਾ ਕੇ ਉਸਦੇ ਭਰਾ ਨੂੰ ਆਪਣੀ ਚਪੇਟ 'ਚ ਲੈਂਦੇ ਹੋਏ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦਾ ਭਰਾ ਕਾਫੀ ਦੂਰ ਜਾ ਡਿੱਗਿਆ ਅਤੇ ਇਸ ਦੌਰਾਨ ਉਸ ਦੇ ਭਰਾ ਦੇ ਕਾਫੀ ਸੱਟਾਂ ਲੱਗੀਆਂ। ਜਿਸ ਤੋਂ ਬਾਅਦ ਉਹ ਆਪਣੇ ਭਰਾ ਨੂੰ ਪਿੰਡ ਪੰਡੋਰੀ ਦੇ ਹਸਪਤਾਲ ਲੈ ਗਿਆ। ਜਿੱਥੇ ਡਾਕਟਰਾਂ ਨੇ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ। ਉਥੇ ਇਲਾਜ ਦੌਰਾਨ ਉਸ ਦੇ ਭਰਾ ਦੀ ਮੌਤ ਹੋ ਗਈ।
ਪੀੜਤ ਨੇ ਦੱਸਿਆ ਕਿ ਇਹ ਹਾਦਸਾ ਦੋਸ਼ੀਆਂ ਦੀ ਅਣਗਹਿਲੀ ਕਾਰਨ ਵਾਪਰਿਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਦੋਵਾਂ ਟਰੈਕਟਰ ਚਾਲਕ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।