ਕਿਸਾਨਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਵਿਰੋਧ ਤੋਂ ਭਾਵੁਕ ਹੋਏ ਹੰਸ ਰਾਜ ਹੰਸ
Faridkot News : ਮੋਗਾ ਦੇ ਪਿੰਡ ਦੌਲਤਪੁਰਾ ਨੀਵਾਂ 'ਚ ਅੱਜ ਜਨਸਭਾ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਫ਼ਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸਰਾਜ ਹੰਸ ਭਾਵੁਕ ਹੋ ਗਏ ਅਤੇ ਕਿਸਾਨਾਂ ਤੋਂ ਮਾਫ਼ੀ ਵੀ ਮੰਗੀ। ਕੱਲ ਵਾਲੇ ਹੋਏ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਕਿਹਾ ਕਿ 'ਜੇ 1 ਜੂਨ ਤੱਕ ਜ਼ਿੰਦਾ ਰਿਹਾ ਤਾਂ ਜ਼ਰੂਰ ਮਿਲਾਂਗਾ। ਜੇ ਮੈਨੂੰ ਕੁਝ ਹੋ ਜਾਂਦਾ ਹੈ ਤਾਂ ਮੇਰੀ ਸੋਚ ਨੂੰ ਜ਼ਰੂਰ ਜਿੰਦਾ ਰੱਖਿਓ।
ਦਰਅਸਲ 'ਚ ਕਿਸਾਨਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਵਿਰੋਧ ਤੋਂ ਬਾਅਦ ਹੰਸਰਾਜ ਹੰਸ ਕਾਫੀ ਭਾਵੁਕ ਦਿਖਾਈ ਦਿੱਤੇ ਹਨ , ਜਿਸ ਕਰਕੇ ਜਨਸਭਾ ਦੌਰਾਨ ਉਨ੍ਹਾਂ ਦਾ ਦਰਦ ਛਲਕਿਆ ਹੈ। ਇਸ ਦੇ ਇਲਾਵਾ ਉਨ੍ਹਾਂ ਕਿਹਾ ਕਿ ਕੱਲ ਮੇਰੇ ਕਾਫਲੇ 'ਤੇ ਕੁੱਝ ਲੋਕਾਂ ਨੇ ਹਮਲਾ ਕੀਤਾ। 'ਜੇ ਕਿਸੇ ਦੀ ਮੌਤ ਦਾ ਬਦਲਾ ਮੇਰੇ ਤੋਂ ਲੈਣਾ ਹੈ ਤਾਂ ਲੈ ਲਓ , ਮੈਂ ਇਕੱਲਾ ਆ ਜਾਵਾਂਗਾ , ਮੇਰਾ ਸਿਰ ਹਾਜ਼ਰ ਹੈ। 'ਜੇ ਮੈਨੂੰ ਮਾਰ ਕੇ ਸ਼ੁਭਕਰਨ ਵਾਪਸ ਆਉਂਦਾ ਹੈ ਤਾਂ ਮਾਰ ਦਿਓ'।
ਦੱਸ ਦੇਈਏ ਕਿ ਬੀਤੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਰੈਲੀ ਦੇ ਵਿਰੋਧ ‘ਚ ਸੰਗਰੂਰ ਰੋਡ ‘ਤੇ ਪਸਿਆਣਾ ਚੌਂਕੀ ਨੇੜੇ ਧਰਨੇ ‘ਤੇ ਬੈਠੇ ਕਿਸਾਨਾਂ ਨੇ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੀ ਕਾਰ ਦਾ ਘਿਰਾਓ ਕਰ ਲਿਆ, ਜੋ ਉਥੋਂ ਰੈਲੀ ਲਈ ਜਾ ਰਹੇ ਸਨ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਕਿਸਾਨਾਂ ਨੂੰ ਹਟਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕਿਸਾਨ ਪਿੱਛੇ ਨਹੀਂ ਹਟੇ ਅਤੇ ਕਰੀਬ ਇੱਕ ਘੰਟੇ ਬਾਅਦ ਹੰਸ ਰਾਜ ਹੰਸ ਦੀ ਗੱਡੀ ਨੂੰ ਉਥੋਂ ਬਾਹਰ ਕੱਢਿਆ।