
ਸਤਲੁਜ ਦਰਿਆ ਤੋਂ ਮਾਛੀਵਾੜਾ ਅਤੇ ਖੰਨਾ ਤੱਕ ਜਾਂਦੀ ਸੜ੍ਹਕ ਦੀ ਬੇਹੱਦ ਖਸਤਾ ਹਾਲਤ ਕਾਰਨ ਜਿੱਥੇ ਸਿਆਸੀ ...
ਮਾਛੀਵਾੜਾ ਸਾਹਿਬ, ਸਤਲੁਜ ਦਰਿਆ ਤੋਂ ਮਾਛੀਵਾੜਾ ਅਤੇ ਖੰਨਾ ਤੱਕ ਜਾਂਦੀ ਸੜ੍ਹਕ ਦੀ ਬੇਹੱਦ ਖਸਤਾ ਹਾਲਤ ਕਾਰਨ ਜਿੱਥੇ ਸਿਆਸੀ ਪਾਰਟੀਆਂ ਵਲੋਂ ਧਰਨੇ ਦਿੱਤੇ ਗਏ ਉਥੇ ਕਈ ਸਮਾਜ ਸੇਵੀ ਜੱਥੇਬੰਦੀਆਂ ਨੇ ਵੀ ਕਾਂਗਰਸ ਸਰਕਾਰ ਦੀ ਮਾੜੀ ਕਾਰਗੁਜ਼ਾਰੀ 'ਤੇ ਰੋਸ ਪ੍ਰਦਰਸ਼ਨ ਕਰਕੇ ਚੋਟ ਕੀਤੀ।
ਕਾਂਗਰਸ ਸਰਕਾਰ ਦੀ ਹੋ ਰਹੀ ਕਿਰਕਿਰੀ ਨੂੰ ਬਚਾਉਣ ਲਈ ਸਮਰਾਲਾ ਤੋਂ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਹੁਣ ਮਾਛੀਵਾੜਾ ਤੋਂ ਖੰਨਾ ਤੱਕ ਅਤੇ ਸਮਰਾਲਾ ਤੋਂ ਪਾਇਲ ਤੱਕ ਦੋਵੇਂ ਹੀ ਸੜ੍ਹਕਾਂ ਦੀ ਮੁਰੰਮਤ ਦੇ ਤਖਮੀਨੇ ਲੋਕ ਨਿਰਮਾਣ ਵਿਭਾਗ ਵਲੋਂ ਬਣਾਉਣੇ ਸ਼ੁਰੂ ਕਰ ਦਿੱਤੇ ਹਨ।
ਸ਼੍ਰੀਨਗਰ ਤੋਂ ਦਿੱਲੀ ਨੂੰ ਜੋੜਦੀ ਨਵਾਂਸ਼ਹਿਰ-ਖੰਨਾ ਮਾਰਗ ਦਾ ਇੱਕ ਹਿੱਸਾ ਤਾਂ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਵਲੋਂ ਮੁਰੰਮਤ ਕਰਵਾ ਪੂਰਾ ਕਰਵਾ ਦਿੱਤਾ ਗਿਆ ਹੈ ਪਰ ਲੁਧਿਆਣਾ ਜਿਲ੍ਹੇ ਅਧੀਨ ਪੈਂਦੇ ਸਤਲੁਜ ਪੁਲ ਤੋਂ ਖੰਨਾ ਤੱਕ ਸੜ੍ਹਕ ਦੀ ਬੇਹੱਦ ਖਸਤਾ ਹਾਲਤ ਨੇ ਇੱਥੋਂ ਲੰਘਦੇ ਲੋਕਾਂ ਦਾ ਜਿਓਣਾ ਮੌਹਾਲ ਕੀਤਾ ਹੋਇਆ ਸੀ।
ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਜੈ ਇੰਦਰ ਸਿੰਗਲਾ ਕੋਲ ਸੜ੍ਹਕ ਦਾ ਮੁੱਦਾ ਉਠਾਇਆ ਜਿਸ 'ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਐਸ.ਈ ਅਮਰਦੀਪ ਸਿੰਘ ਬਰਾੜ ਵਲੋਂ ਹੋਰਨਾਂ ਅਧਿਕਾਰੀਆਂ ਨੂੰ ਨਾਲ ਲੈ ਕੇ ਇਸ ਸੜ੍ਹਕ ਦਾ ਮੁਆਇਨਾ ਕੀਤਾ ਅਤੇ ਨਾਲ ਹੀ ਨਿਰਦੇਸ਼ ਦਿੱਤੇ ਕਿ ਬੁੱਧਵਾਰ ਤੱਕ ਸਤਲੁਜ ਦਰਿਆ ਤੋਂ ਲੈ ਕੇ ਖੰਨਾ ਤੱਕ ਕਰੀਬ 35 ਕਿਲੋਮੀਟਰ ਲੰਬੀ ਇਸ ਸੜ੍ਹਕ 'ਤੇ ਪੈਚ ਵਰਕ ਲਈ ਜੋ ਵੀ ਖਰਚ ਆਉਂਦਾ ਹੈ
ਉਸਦਾ ਤਖਮੀਨਾ ਤਿਆਰ ਕਰਕੇ ਭੇਜਿਆ ਜਾਵੇ। ਲੋਕ ਨਿਰਮਾਣ ਵਿਭਾਗ ਵਿਚ ਇਸ ਸੜ੍ਹਕ ਦੀ ਮੁਰੰਮਤ ਲਈ ਹੋਈ ਹਿਲਜੁਲ ਤੋਂ ਹੁਣ ਆਸ ਬੱਝ ਗਈ ਹੈ ਕਿ ਅਗਲੇ ਮਹੀਨੇ ਜੁਲਾਈ ਦੇ ਅੰਤ ਤੱਕ ਇਸ ਸੜ੍ਹਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਜਾਵੇਗਾ। ਐਸ.ਈ ਅਮਰਦੀਪ ਸਿੰਘ ਬਰਾੜ ਨੇ ਦੱਸਿਆ ਕਿ ਵਿਭਾਗ ਵਲੋਂ ਤਖਮੀਨਾ ਤਿਆਰ ਕਰ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ ਅਤੇ ਜਦੋਂ ਵੀ ਗ੍ਰਾਂਟ ਜਾਰੀ ਹੋਵੇਗੀ ਉਸ ਦੇ ਨਾਲ ਹੀ ਮੁਰੰਮਤ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ।
ਇਸ ਮੌਕੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਦੱਸਿਆ ਕਿ ਸਮਰਾਲਾ ਤੋਂ ਲੈ ਕੇ ਪਾਇਲ ਤੱਕ ਸੜ੍ਹਕ ਦੀ ਬੇਹੱਦ ਖਸਤਾ ਹਾਲਤ ਹੈ ਜਿਸ ਦੀ ਮੁਰੰਮਤ ਲਈ ਲੋਕ ਨਿਰਮਾਣ ਵਿਭਾਗ ਵਲੋਂ ਕਰੀਬ 9 ਕਰੋੜ ਰੁਪਏ ਦਾ ਤਖਮੀਨਾ ਤਿਆਰ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮਾਛੀਵਾੜਾ ਤੋਂ ਲੈ ਕੇ ਖੰਨਾ ਤੱਕ ਸੜ੍ਹਕ ਦਾ ਵੀ ਤਖਮੀਨਾ ਤਿਆਰ ਹੋ ਜਾਵੇਗਾ
ਤਾਂ ਉਹ ਤੁਰੰਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਭਾਗ ਦੇ ਮੰਤਰੀ ਵਿਜੈ ਇੰਦਰ ਸਿੰਗਲਾ ਨਾਲ ਰਾਬਤਾ ਕਾਇਮ ਕਰ ਇਨ੍ਹਾਂ ਸੜ੍ਹਕਾਂ ਦੀ ਮੁਰੰਮਤ ਲਈ ਗ੍ਰਾਂਟ ਜਾਰੀ ਕਰਵਾਉਣਗੇ ਅਤੇ ਆਉਣ ਵਾਲੇ ਕੁੱਝ ਦਿਨਾਂ 'ਚ ਦੋਵੇਂ ਸੜ੍ਹਕਾਂ ਦੀ ਮੁਰੰਮਤ ਦਾ ਕਾਰਜ਼ ਸ਼ੁਰੂ ਹੋ ਜਾਵੇਗਾ ਅਤੇ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਰਾਹਤ ਮਿਲੇਗੀ।