
ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਸਿਆਸੀ ਗਤੀਵਿਧੀਆਂ ਦੀ ਕੀਤੀ ਸ਼ੁਰੂਆਤ
ਮੈਂ ਰਾਜਨੀਤੀ ਕਰਨ ਨਹੀਂ, ਸਰਬੱਤ ਦੇ ਭਲੇ ਅਤੇ ਪੰਜਾਬ ਨੂੰ ਖ਼ੁਸ਼ਹਾਲ ਦੇਖਣਾ ਚਾਹੁੰਦਾ ਹਾਂ
ਅੰਮਿ੍ਤਸਰ, 23 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ): ਸਾਬਕਾ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਹਰਪਾਲ ਸਿੰਘ ਭਾਲਾ ਦੇ ਯਤਨਾਂ ਸਦਕਾ ਅੰਮਿ੍ਤਸਰ ਹਲਕਾ ਉੱਤਰੀ ਦੀ ਵਾਰਡ ਨੰਬਰ 15 ਤੋਂ ਕੌਂਸਲਰ ਪਿੰਕੀ ਦੇਵੀ ਅਤੇ ਪ੍ਰਧਾਨ ਰਾਮਬਲੀ ਜੋ ਕਿ ਅੱਜ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਰਸਮੀ ਤੌਰ 'ਤੇ ਸ਼ਾਮਲ ਹੋ ਗਏ |
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਅਸੀਂ ਰਾਜਨੀਤੀ ਕਰਨ ਨਹੀਂ ਸਗੋਂ ਉਹ ਸਰਬੱਤ ਦੇ ਭਲੇ ਅਤੇ ਪੰਜਾਬ ਦੀ ਖ਼ੁਸ਼ਹਾਲੀ ਲਈ ਇਕ ਨਵੀਂ ਸ਼ੁੁਰੂਆਤ ਕੀਤੀ ਹੈ, ਤਾਂ ਜੋ ਪੰਜਾਬ ਚੜ੍ਹਦੀ ਕਲਾ ਵਿਚ ਰਹੇ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਧਰਤੀ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ਼ ਨਹੀਂ ਮਿਲ ਸਕਿਆ ਤਾਂ ਆਮ ਵਿਅਕਤੀ ਦੇ ਕੀ ਹਾਲਾਤ ਹੋਣਗੇ | ਸਾਬਕਾ ਅਧਿਕਾਰੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੀ ਜਾਂਚ ਕਰਨਾ ਮੇਰੀ ਜ਼ਿੰਦਗੀ ਦਾ ਅਹਿਮ ਕੇਸ ਸੀ, ਪਰ ਜਦੋਂ ਦੋਸ਼ੀ ਹੀ ਸਰਕਾਰ ਨੂੰ ਦਿਸ਼ਾ ਨਿਰਦੇਸ਼ ਰਹੇ ਹਨ ਤਾਂ ਪੰਜਾਬ ਦੇ ਲੋਕਾਂ ਨੂੰ ਕੀ ਇਨਸਾਫ਼ ਮਿਲਣਾ ਸੀ? ਉਨ੍ਹਾਂ ਕਿਹਾ ਜਦੋਂ ਜਾਂਚ ਰੀਪੋਰਟ ਫ਼ਰੀਦਕੋਟ ਦੀ ਅਦਾਲਤ ਵਿਚ ਕਾਰਵਾਈ ਅਧੀਨ ਸੀ ਤਾਂ ਚੰਡੀਗੜ੍ਹ ਤੋਂ ਫ਼ੈਸਲੇ ਕਿਉਂ ਕਰਵਾਏ ਗਏ? ਹਾਈ ਕੋਰਟ ਵਿਚ ਕੇਸ ਦੀ ਸੁਣਵਾਈ ਵਾਲੇ ਦਿਨ ਪੰਜਾਬ ਦੇ ਐਡਵੋਕੇਟ ਜਨਰਲ ਛੁੱਟੀ 'ਤੇ ਚਲੇ ਗਏ | ਇਹ ਸੱਭ ਸੱਤਾਧਾਰੀਆਂ ਅਤੇ ਸਾਜ਼ਸ਼ਕਾਰਾਂ ਦੀ ਮਿਲੀਭੁਗਤ ਕਰ ਕੇ ਹੋਇਆ ਹੈ | ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਕੇਜਰੀਵਾਲ ਦੀ ਦਿੱਲੀ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਸ਼ਾਨਦਾਰ ਕੰਮ ਕੀਤੇ ਹਨ ਅਤੇ ਉਹ ਵੀ ਚਾਹੁੰਦੇ ਹਨ ਕਿ ਪੰਜਾਬ ਦੇ ਲੋਕ ਵੀ ਸੂਬੇ ਵਿਚ ਰਾਜਨੀਤਕ ਕ੍ਰਾਂਤੀ ਲਿਆਉਣਗੇ ਜਿਸ ਨੂੰ ਸਾਰਾ ਭਾਰਤ ਦੇਖੇਗਾ |
ਇਸ ਮੌਕੇ ਗੌਤਮ, ਰਤਨ ਲਾਲ, ਰਮਨ ਕੁਮਾਰ, ਅਲਖ ਰਾਮ ਮਾਸਟਰ, ਰਣਜੀਤ ਕੁਮਾਰ, ਸਿੰਘਾਰਾ ਸਿੰਘ ਆਦਿ ਮੌਜੂਦ ਸਨ |
ਕੈਪਸ਼ਨ—ਏ ਐਸ ਆਰ ਬਹੋੜੂ— 23— 5— ਅਹੁਦੇਦਾਰਾਂ ਨੂੰ ਸ਼ਾਮਲ ਕਰਨ ਮੌਕੇ ਸਵਾਗਤ ਕਰਦੇ ਹੋਏ ਕੁੰਵਰ ਵਿਜੇ ਪ੍ਰਤਾਪ ਸਿੰਘ |