
ਦੇਸ਼ ਤੇ ਦੁਨੀਆਂ ਦਾ ਸੱਭ ਤੋਂ ਸਸਤਾ ਹੈ ਬੰਗਲਾ ਸਾਹਿਬ ਵਾਲਾ ਐਮ.ਆਰ.ਆਈ ਸੈਂਟਰ : ਸਿਰਸਾ
ਨਵੀਂ ਦਿੱਲੀ, 23 ਜੂਨ (ਸੁਖਰਾਜ ਸਿੰਘ): ਦਿੱਲੀ ਗੁਰਦਵਾਰਾ ਕਮੇਟੀ ਵਲੋਂ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਸ਼ੁਰੂ ਕੀਤੇ ਗਏ ਐਮ.ਆਰ.ਆਈ ਸੈਂਟਰ ਵਿਚ ਸਿਰਫ਼ ਤਿੰਨ ਮਹੀਨਿਆਂ ਅੰਦਰ 3500 ਮਰੀਜ਼ਾਂ ਨੂੰ ਕਰੋੜਾਂ ਰੁਪਏ ਦਾ ਲਾਭ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮਨਜਿੰਦਰ ਸਿੰਘ ਸਿਰਸਾ ਨੇ ਦਸਿਆ ਕਿ ਇਹ ਸੈਂਟਰ 16 ਮਾਰਚ ਨੂੰ ਸ਼ੁਰੂ ਕੀਤਾ ਗਿਆ ਸੀ। ਇਸ ਵਿਚ ਗ਼ਰੀਬੀ ਰੇਖਾ ਤੋਂ ਹੇਠਲੇ ਯਾਨੀ ਬੀ.ਪੀ.ਐਲ ਪਰਵਾਰਾਂ ਲਈ 50 ਰੁਪਏ ਵਿਚ ਐਮ.ਆਰ.ਆਈ ਤੇ ਸੀ.ਟੀ. ਸਕੈਨ ਕੀਤਾ ਜਾ ਰਿਹਾ ਹੈ ਜਦਕਿ ਆਮ ਲੋਕਾਂ ਲਈ 1400 ਵਿਚ ਐਮ.ਆਰ.ਆਈ ਤੇ 700 ਰੁਪਏ ਵਿਚ ਸੀ.ਟੀ ਸਕੈਨ ਕੀਤਾ ਜਾ ਰਿਹਾ ਹੈ ਜਦੋਂ ਕਿ ਬਜ਼ਾਰ ਵਿਚ ਇਹ ਟੈਸਟ 8 ਤੋਂ 10 ਹਜ਼ਾਰ ਰੁਪਏ ਵਿਚ ਕੀਤੇ ਜਾਂਦੇ ਹਨ।
ਸ. ਸਿਰਸਾ ਨੇ ਦਸਿਆ ਕਿ ਤਿੰਨ ਮਹੀਨੇ ਅੰਦਰ ਹੁਣ ਤਕ 3500 ਲੋਕਾਂ ਨੇ ਇਹ ਟੈਸਟ ਕਰਵਾਏ ਹਨ। ਉਨ੍ਹਾਂ ਦਸਿਆ ਕਿ ਹੁਣ ਤਕ 2200 ਐਮ.ਆਰ.ਆਈ ਹੋਏ ਹਨ ਜਿਸ ਵਿਚੋਂ 1400 ਬੀ.ਪੀ.ਐਲ ਮਰੀਜ਼ਾਂ ਦੇ ਹੋਏ ਹਨ। ਉਨਾਂ ਦੱਸਿਆ ਕਿ 1300 ਸੀ.ਟੀ ਸਕੈਨ ਹੋਏ ਹਨ ਜਿਸ ਵਿਚੋਂ 650 ਸੀ.ਟੀ ਸਕੈਨ ਬੀ.ਪੀ.ਐਲ ਮਰੀਜ਼ਾਂ ਦੇ ਹੋਏ ਹਨ।