
ਕੇਂਦਰ ਦੇ ਰਾਸ਼ਟਰੀ ਸਿੱਖਿਆ ਸਰਵੇਖਣ 'ਚ ਪੰਜਾਬ ਪਹਿਲੇ ਨੰਬਰ 'ਤੇ ਆਇਆ ਹੈ। ਸਰਕਾਰ ਨੂੰ ਇਸ ਨੂੰ ਸਵੀਕਾਰ ਕਰਨਾ ਚਾਹੀਦਾ ਸੀ।
ਚੰਡੀਗੜ੍ਹ - ਅੱਜ ਵਿਧਾਨ ਸਭਾ ਸੈਸ਼ਨ ਵਿਚ ਸਿੱਖਿਆ ਮਾਡਲ ਦਾ ਮੁੱਦਾ ਚੁੱਕਿਆ ਹੈ ਜਿਸ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਬਹਿਸ ਹੋਈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਸਿੱਖਿਆ ਵਿਚ ਫਰਜ਼ੀ ਨੰਬਰ ਵਨ ਬਣਾਇਆ ਗਿਆ ਹੈ। ਅਸੀਂ ਇਸ ਨੂੰ ਅਸਲੀ ਨੰਬਰ ਵੰਨ ਬਣਾ ਕੇ ਦਿਖਾਵਾਂਗੇ। ਇਹ ਮੁੱਦਾ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਉਠਾਇਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲੇ ਨੰਬਰ ’ਤੇ ਆਇਆ ਤਾਂ ਸਰਕਾਰ ਨੇ ਉਸ ਗੱਲ ਦੀ ਵਧਾਈ ਵੀ ਨਹੀਂ ਦਿੱਤੀ।
Partap Bajwa
ਬਾਜਵਾ ਨੇ ਕਿਹਾ ਕਿ ਕੇਂਦਰ ਦੇ ਰਾਸ਼ਟਰੀ ਸਿੱਖਿਆ ਸਰਵੇਖਣ 'ਚ ਪੰਜਾਬ ਪਹਿਲੇ ਨੰਬਰ 'ਤੇ ਆਇਆ ਹੈ। ਸਰਕਾਰ ਨੂੰ ਇਸ ਨੂੰ ਸਵੀਕਾਰ ਕਰਨਾ ਚਾਹੀਦਾ ਸੀ। ਇਹ ਵੱਖਰੀ ਗੱਲ ਹੈ ਕਿ ਸਰਕਾਰ ਦੀ ਪਾਰਟੀ ਦੀ ਨੀਤੀ ਅਨੁਸਾਰ ਇਹ ਠੀਕ ਨਹੀਂ ਹੈ। ਉਹਨਾਂ ਨੇ ਪੁੱਛਿਆ ਕਿ ਜਦੋਂ ਉਹਨਾਂ ਦਾ ਪੁੱਤਰ ਕੋਈ ਚੰਗਾ ਕੰਮ ਕਰਕੇ ਆਵੇ ਤਾਂ ਪਿਤਾ ਉਸ ਨੂੰ ਜੱਫੀ ਪਾ ਲੈਂਦਾ ਹੈ। ਇਸ ਦਾ ਸਿਹਰਾ ਸਕੂਲ, ਵਿਦਿਆਰਥੀ, ਅਧਿਆਪਕ ਅਤੇ ਸਿੱਖਿਆ ਵਿਭਾਗ ਨੂੰ ਦਿੱਤਾ ਜਾਣਾ ਚਾਹੀਦਾ ਹੈ।
ਇਸ ਦੇ ਜਵਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਤੁਸੀਂ ਕਿਸ ਨੂੰ ਨੰਬਰ ਵੰਨ ਦੱਸ ਰਹੇ ਹੋ। ਇਸ ਵਿਚ ਬਹੁਤ ਕੁਝ ਛੁਪਿਆ ਹੋਇਆ ਹੈ। ਮੈਂ ਉਸ ਬਾਰੇ ਦੱਸਾਂਗਾ। ਸਮਾਰਟ ਸਕੂਲ ਸਿਰਫ਼ ਬਾਹਰੋਂ ਪੇਂਟ ਕਰਕੇ ਨਹੀਂ ਬਣਾਏ ਜਾਂਦੇ। ਸਕੂਲ ਦੇ ਅੰਦਰ ਕੀ ਚੱਲ ਰਿਹਾ ਹੈ? ਕਿਸੇ ਕੋਲ ਬੈਠਣ ਲਈ ਥਾਂ ਨਹੀਂ ਹੈ। ਪੀਣ ਵਾਲਾ ਪਾਣੀ ਨਹੀਂ ਹੈ। ਅਧਿਆਪਕ ਕਿੱਥੇ ਹੈ? ਉਨ੍ਹਾਂ ਕਿਹਾ ਕਿ ਇਹ ਫਰਜ਼ੀ ਨੰਬਰ ਇਕ ਹੈ। ਅਸੀਂ ਤੁਹਾਨੂੰ ਅਸਲੀ ਨੰਬਰ ਇੱਕ ਦਿਖਾਵਾਂਗੇ।