
ਹਰਵਿੰਦਰ ਸਿੰਘ ਫੂਲਕਾ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ‘‘ਸਰਕਾਰ ਦਾ ਇਹ ਆਪ-ਹੁਦਰਾ ਫ਼ੈਸਲਾ ਤੇ ਐਕਟ ’ਚ ਕੀਤੀ ਸੋਧ ਭਵਿੱਖ ’ਚ ਖ਼ਤਰੇ ਦੀ ਘੰਟੀ’’ ਸਾਬਤ ਹੋਵੇਗੀ।
ਚੰਡੀਗੜ੍ਹ: ਤਿੰਨ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ’ਚ ‘ਆਪ’ ਸਰਕਾਰ ਵਲੋਂ ਗੁਰਦੁਆਰਾ ਐਕਟ ’ਚ ਗੁਰਬਾਣੀ ਪ੍ਰਸਾਰਣ ਸਬੰਧੀ ਇਕ ਮਹੱਤਵਪੂਰਣ ਸੋਧ ਕਰ ਕੇ ਦੇਸ਼ ਵਿਦੇਸ਼ ’ਚ ਰਹਿੰਦੇ ਸਿੱਖ ਸ਼ਰਧਾਲੂਆਂ ਨੂੰ ਇਕ ਨਿਜੀ ਚੈਨਲ ਦੀ ਇਜਾਰੇਦਾਰੀ ਖ਼ਤਮ ਕਰਨ ਨੂੰ ਸ਼ਲਾਘਾਯੋਗ ਕਦਮ ਦਸਦਿਆਂ ਦਿੱਲੀ ਦੇ ਉਘੇ ਵਕੀਲ ਤੇ ‘ਆਪ’ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਰਹੇ ਹਰਵਿੰਦਰ ਸਿੰਘ ਫੂਲਕਾ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ‘‘ਸਰਕਾਰ ਦਾ ਇਹ ਆਪ-ਹੁਦਰਾ ਫ਼ੈਸਲਾ ਤੇ ਐਕਟ ’ਚ ਕੀਤੀ ਸੋਧ ਭਵਿੱਖ ’ਚ ਖ਼ਤਰੇ ਦੀ ਘੰਟੀ’’ ਸਾਬਤ ਹੋਵੇਗੀ।
ਅੱਜ ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਚ ਐਸ ਫੂਲਕਾ ਨੇ ਕਿਹਾ ਕਿ ਸਰਕਾਰ ਦੀ ਮਨਸ਼ਾ ਤਾਂ ਠੀਕ ਹੈ, ਇਰਾਦਾ ਨੇਕ ਹੈ ਕਿ ‘‘ਬਾਦਲਾਂ ਦੇ ਚੈਨਲ ਤੋਂ ਗੁਰਬਾਣੀ ਪ੍ਰਸਾਰਣ ਨੂੰ ਆਜ਼ਾਦ ਕਰਨਾ’’ ਜ਼ਰੂਰੀ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਭਵਿੱਖ ’ਚ ਸੂਬਾ ਸਰਕਾਰਾਂ ਤੇ ਕੇਂਦਰ ਦੀਆਂ ਸਰਕਾਰਾਂ ਅਤੇ ਏਜੰਸੀਆਂ ਸਿੱਖ ਧਾਰਮਕ ਸਥਾਨਾਂ ਤੇ ਉਨ੍ਹਾਂ ਦੇ ਪ੍ਰਬੰਧਾਂ ’ਚ ਬੇਲੋੜਾ ਦਖ਼ਲ ਦੇਣਾ ਸ਼ੁਰੂ ਕਰ ਦੇਣਗੀਆਂ ਤੇ ਕਾਬਜ਼ ਹੋ ਜਾਣਗੀਆਂ। ਫੂਲਕਾ ਨੇ ਦਿੱਲੀ ਦੇ ਨਵੰਬਰ 1984 ਦੇ ਸਿੰਖ ਕਤਲੇਆਮ ਦੇ ਜ਼ੁੰਮੇਵਾਰ ਦੋਸ਼ੀ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਤੇ ਹੋਰਨਾ ਨੂੰ ਸਜ਼ਾ ਦਿਲਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ।
ਫੂਲਕਾ ਨੇ ਸਪੱਸ਼ਟ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਸਲਾਹ ਲਏ ਬਗ਼ੈਰ ਭਗਵੰਤ ਮਾਨ ਸਰਕਾਰ ਨੇ ਅੰਤਰਰਾਜੀ ਧਾਰਮਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪੁੱਛੇ ਬਿਨਾਂ ਹੀ, ਐਕਟ ’ਚ ਆਪ ਹੁਦਰੀ ਸੋਧ ਕੀਤੀ, ਜੋ ਗ਼ੈਰ ਕਾਨੂੰਨੀ ਹੈ ਅਤੇ ਗ਼ੈਰ ਵਾਜਬ ਹੈ, ਅਤੇ ਸਰਕਾਰ ਨੂੰ ਇਹ ਸੋਧ ਵਾਪਸ ਲੈਣੀ ਚਾਹੀਦੀ ਹੈ।
ਉਨ੍ਹਾਂ ਸਿੱਖ ਜਥੇਬੰਦੀਆਂ ਤੇ ਸੂਝਵਾਨ ਸਿੱਖਾਂ ਨੂੰ ਇਕਜੁਟ ਹੋਣ ਦੀ ਅਪੀਲ ਕੀਤੀ ਤੇ ਕਿਹਾ ਕਿ ‘‘ਪਿਛਲੇ ਕਈ ਸਾਲਾਂ ਤੋਂ 90 ਫ਼ੀ ਸਦੀ ਸਿੱਖ, ਬਾਦਲ ਸਰਕਾਰ, ਬਾਦਲ ਪ੍ਰਵਾਰ ਵਲੋਂ ਲਗਾਤਾਰ ਕੀਤੇ ਕੰਟਰੋਲ ਤੋਂ ਖ਼ਿਲਾਫ਼ ਰਹੇ ਹਨ, ਪਰ ਜਿਸ ਢੰਗ ਨਾਲ ‘ਆਪ’ ਸਰਕਾਰ ਲੇ ਐਕਟ ’ਚ ਸੋਧ ਕੀਤੀ ਹੈ, ਮੌਜੂਦਾ ਮਹੌਲ ਉਲਟਾ ਹੋ ਕੇ ‘ਆਪ ਸਰਕਾਰ ਬਨਾਮ ਸਿੱਖ ਕੌਮ’ ਬਣ ਗਿਆ ਹੈ ਅਤੇ ਬਾਦਲਾਂ ਦੇ ਗੁੱਟ ਦੇ ਨੇਤਾਵਾਂ ਨੂੰ ਆਕਸੀਜ਼ਨ ਯਾਨੀ ਨਵੀਂ ਸ਼ਕਤੀ ਮਿਲ ਗਈ ਹੈ। ਫੂਲਕਾ ਨੇ ਕਿਹਾ ਕਿ ‘‘ਬਾਦਲਾਂ ਕੋਲ ਹੁਣ ਤਕ ਕੋਈ ਮੁੱਦਾ ਨਹੀਂ ਸੀ ਅਤੇ ਵਿਧਾਨ ਸਭਾ ’ਚ ਪਾਸ ਤਰਮੀਮ ਨੇ ਉਨ੍ਹਾਂ ਨੂੰ ਨਵੀਂ ਸ਼ਕਤੀ ਦੇ ਦਿਤੀ ਹੈ।’’
ਐਚ ਐਸ ਫੂਲਕਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਤਿੰਨ ਦਿਨ ਪਹਿਲਾਂ ਐਕਟ ’ਚ ਕੀਤੀ ਸੋਧ ਨੂੰ ਵਾਪਸ ਲਿਆ ਜਾਵੇ, ਇਸ ’ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਸਿੱਖ ਜਥੇਬੰਦੀਆਂ ਤੇ ਪਤਵੰਤੇ ਸਿੰਖ, ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰਾਜਾਂ ਦੇ ਗਵਰਨਰਾਂ ਤੇ ਮੁੱਖ ਮੰਤਰੀਆਂ ਨੂੰ ਚਿੱਠੀਆਂ ਕਿ ਸਿੱਖ ਕੌਮ ਦੀ ਏਕਤਾ ਇਕ ਜੁਟਤਾ ਤੇ ਸਿੱਖ ਧਰਮ ਦੀ ਸਰਬਉਚਤਾ ਤੇ ਵਿਲੱਖਣਤਾ ਬਾਰੇ ਦੇਸ਼ ਨੂੰ ਜਾਗਰੂਕ ਕਰਨ। ਉਨ੍ਹਾਂ ਸਿੱਖਾਂ ਨੂੰ ਚੇਤਨ ਕੀਤਾ ਕਿ ਸਰਕਾਰਾਂ ਤੇ ਸਰਕਾਰੀ ਏਜੰਸੀਆਂ ਦੀਆ ਕੋਝੀਆਂ ਚਾਲਾਂ ਤੋਂ ਦੂਰ ਰਹਿਣ, ਆਪਸੀ ਏਕਾ ਰੱਖਣ ਅਤੇ ਗੁਰਦੁਆਰਾ ਐਕਟ ’ਚ ਕੀਤੀ ਤਬਦੀਲੀ ਦਾ ਵਿਰੋਧ ਕਰਨ ਅਤੇ ‘ਆਪ’ ਸਰਕਾਰ ਵਲੋਂ ਸ਼ੁਰੂ ਕੀਤੀ ‘‘ਖ਼ਤਰਨਾਕ ਪਰਮਪਰਾ’’ ਨੂੰ ਮੁੱਢੋਂ ਨਕਾਰ ਦੇਣ।