
ਹੁਣ ਤਕ ਸਿਰਫ਼ 6 ਪ੍ਰਾਜੈਕਟ ਰਜਿਸਟਰਡ
ਚੰਡੀਗੜ੍ਹ: ਪ੍ਰੋਮੋਟਰਾਂ ਨੂੰ ਹੁਣ ਉਸਾਰੀ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਚੰਡੀਗੜ੍ਹ ਵਿਚ ਰੀਅਲ ਅਸਟੇਟ ਰੈਗੂਲੇਸ਼ਨ ਡਿਵੈਲਪਮੈਂਟ ਐਕਟ 2016 (RERA) ਦੀਆਂ ਸ਼ਰਤਾਂ ਹੇਠ ਰਜਿਸਟਰੇਸ਼ਨ ਕਰਵਾਉਣੀ ਪਵੇਗੀ। ਅਜਿਹਾ ਨਾ ਕਰਵਾਉਣ ’ਤੇ ਪ੍ਰਾਜੈਕਟ ਦੀ ਲਾਗਤ ਦਾ 10 ਫੀ ਸਦੀ ਜੁਰਮਾਨਾ ਲਾਇਆ ਜਾਵੇਗਾ।
ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਚੰਡੀਗੜ੍ਹ ਨੇ ਇਹ ਨੋਟਿਸ ਪਾਰਦਰਸ਼ਤਾ ਲਿਆਉਣ ਅਤੇ ਲੋਕਾਂ ਨੂੰ ਧੋਖਾਦੇਹੀ ਤੋਂ ਬਚਾਉਣ ਲਈ ਜਾਰੀ ਕੀਤਾ ਹੈ। ਨੋਟਿਸ ਵਿਚ ਹਦਾਇਤ ਕੀਤੀ ਗਈ ਹੈ ਕਿ ਇਕ ਮਹੀਨੇ ਦੇ ਅੰਦਰ-ਅੰਦਰ ਪ੍ਰਾਜੈਕਟ ਰਜਿਸਟਰਡ ਕੀਤਾ ਜਾਵੇ ਨਹੀਂ ਤਾਂ ਵਿਭਾਗ ਵਲੋਂ ਕਾਰਵਾਈ ਕੀਤੀ ਜਾਵੇਗੀ। ਐਕਟ ਦੇ ਲਾਗੂ ਹੋਣ ਤੋਂ ਬਾਅਦ ਹੁਣ ਤਕ ਸ਼ਹਿਰ ਵਿਚ ਸਰਫ਼ 6 ਪ੍ਰਾਜੈਕਟ ਹੀ ਰਜਿਸਟਰਡ ਹੋਏ ਹਨ।
ਇਸ ਸਬੰਧੀ RERA ਚੰਡੀਗੜ੍ਹ ਦੇ ਇਕ ਅਧਿਕਾਰੀ ਨੇ ਦਸਿਆ ਕਿ ਇਕ ਜਨਤਕ ਨੋਟਿਸ ਜਾਰੀ ਕਰ ਕੇ ਪ੍ਰਾਜੈਕਟ ਨੂੰ RERA ਕੋਲ ਰਜਿਸਟਰਡ ਕਰਵਨ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦਾ ਫਲੈਟ, ਦੁਕਾਨ ਅਤੇ ਦਫ਼ਤਰ ਖਰੀਦਣ ਸਮੇਂ ਇਸ ਗੱਲ ਦਾ ਧਿਆਨ ਰਖਿਆ ਜਾਵੇ ਕਿ ਸਬੰਧਤ ਪ੍ਰਾਜੈਕਟ RERA ਕੋਲ ਰਜਿਸਟਰਡ ਹੋਣਾ ਚਾਹੀਦਾ ਹੈ।
ਵਿਭਾਗ ਵਲੋਂ ਪ੍ਰਾਜੈਕਟ ਦੀ ਰਜਿਸਟਰੇਸ਼ਨ ਨਾ ਹੋਣ ’ਤੇ ਐਕਟ ਦੀਆਂ ਦੀ ਪਾਲਣਾ ਨਾ ਕਰਨ ਦੀਆਂ ਸ਼ਿਕਾਇਤਾਂ ਲਈ ਇਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ। ਸ਼ਹਿਰ ਵਾਸੀ ਇਸ ਸਬੰਧੀ 0172-2996279 ’ਤੇ ਅਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
ਵਿਭਾਗ ਅਨੁਸਾਰ ਜਿਹੜੇ ਬਿਲਡਰਾਂ ਅਤੇ ਪ੍ਰਮੋਟਰਾਂ ਨੇ ਹਦਾਇਤਾਂ ਦੇ ਬਾਵਜੂਦ ਅਪਣੇ ਪ੍ਰਾਜੈਕਟਾਂ ਦੀ ਰਜਿਸਟਰੇਸ਼ਨ ਨਹੀਂ ਕਰਵਾਈ, ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।