
ਯੂ.ਟੀ. ਪ੍ਰਸ਼ਾਸਨ ਸੈਕਟਰ 39 'ਚ ਕਈ ਵਰ੍ਹਿਆਂ ਤੋਂ ਅਧੂਰੀ ਪਈ ਨਵੀਂ ਅਨਾਜ ਮੰਡੀ ਨੂੰ ਉਸਾਰਨ ਲਈ ਛੇਤੀ ਹੀ ਪ੍ਰਾਜੈਕਟ ਤਿਆਰ ਕਰਨ ਜਾ ਰਿਹਾ ਹੈ। ਚੰਡੀਗੜ੍ਹ....
ਚੰਡੀਗੜ੍ਹ, ਯੂ.ਟੀ. ਪ੍ਰਸ਼ਾਸਨ ਸੈਕਟਰ 39 'ਚ ਕਈ ਵਰ੍ਹਿਆਂ ਤੋਂ ਅਧੂਰੀ ਪਈ ਨਵੀਂ ਅਨਾਜ ਮੰਡੀ ਨੂੰ ਉਸਾਰਨ ਲਈ ਛੇਤੀ ਹੀ ਪ੍ਰਾਜੈਕਟ ਤਿਆਰ ਕਰਨ ਜਾ ਰਿਹਾ ਹੈ। ਚੰਡੀਗੜ੍ਹ ਦੇ ਮਾਰਕੀਟਿੰਗ ਬੋਰਡ ਵਲੋਂ ਇਸ ਸਬਜ਼ੀ ਮੰਡੀ ਨੂੰ ਮੁਕੰਮਲ ਕਰਨ ਲਈ ਨਾਬਾਰਡ ਕੋਲੋਂ 100 ਕਰੋੜ ਦਾ ਕਰਜ਼ਾ ਲੈਣ ਦੀ ਮਨਜ਼ੂਰੀ ਯੂ.ਟੀ. ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ 6 ਮਹੀਨੇ ਪਹਿਲਾਂ ਹੀ ਦੇ ਦਿਤੀ ਸੀ। 100 ਏਕੜ 'ਚ ਬਣਨ ਵਾਲੀ ਇਸ ਆਧੁਨਿਕ ਸਬਜ਼ੀ ਮੰਡੀ ਦੀ ਉਸਾਰੀ 'ਤੇ 150 ਕਰੋੜ ਰੁਪਏ ਖ਼ਰਚ ਆਉਣ ਦੀ ਉਮੀਦ ਹੈ।
ਸੂਤਰਾਂ ਅਨੁਸਾਰ ਪ੍ਰਸ਼ਾਸਨ ਛੇਤੀ ਹੀ ਇਥੇ ਦੁਕਾਨਾਂ ਅਤੇ ਹੋਰ ਵਪਾਰੀਆਂ ਤੇ ਕਿਸਾਨਾਂ ਦੀ ਸਹੂਲਤਾਂ ਲਈ ਆਧੁਨਿਕ ਬਿਲਡਿੰਗਾਂ ਬਣਾਉਣ ਲਈ ਇਕ ਪ੍ਰਾਈਵੇਟ ਕੰਪਨੀ ਨੂੰ ਟੈਂਡਰ ਅਲਾਟ ਕਰੇਗੀ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤ 'ਤੇ ਇਹ ਮੰਡੀ 2012 ਤਕ ਮੁਕੰਮਲ ਕੀਤੀ ਜਾਣੀ ਸੀ, ਪ੍ਰੰਤੂ ਯੂ.ਟੀ. ਪ੍ਰਸ਼ਾਸਨ ਦੇ ਇੰਜੀਨੀਅਰ ਵਿਭਾਗ ਅਤੇ ਡੀਸੀ ਜੋ ਮਾਰਕੀਟਿੰਗ ਬੋਰਡ ਦੇ ਚੇਅਰਮੈਨ ਹਨ ਅਤੇ ਉੁਚ ਅਧਿਕਾਰੀਆਂ ਦੀ ਲਾਪਰਵਾਹੀ ਨਾਲ ਇਹ ਪ੍ਰਾਜੈਕਟ 2018 ਤਕ ਵੀ ਅਧੂਰੇ ਦਾ ਅਧੂਰਾ ਪਿਆ ਹੈ। ਹੁਣ ਇਹ ਪ੍ਰਾਜੈਕਟ 2020 ਤਕ ਮੁਕੰਮਲ ਹੋਣ ਦੀ ਉਮੀਦ ਹੈ।
ਸੈਕਟਰ 26 ਦੇ ਆੜ੍ਹਤੀਆਂ ਦੀਆਂ ਘਟਣਗੀਆਂ ਮੁਸ਼ਕਲਾਂ : ਪ੍ਰਸ਼ਾਸਨ ਦੇ ਸੂਤਰਾਂ ਅਨੁਸਾਰ ਸੈਕਟਰ 26 ਦੀ ਮੌਜੂਦਾ ਸਬਜ਼ੀ ਮੰਡੀ ਸਿਰਫ਼ 10-12 ਏਕੜ ਦੇ ਰਕਬੇ 'ਚ 50 ਸਾਲ ਪਹਿਲਾਂ ਉਸਾਰੀ ਗਈ ਸੀ ਪਰੰਤੂ ਹੁਣ ਚੰਡੀਗੜ੍ਹ ਦੀ ਆਬਾਦੀ 15 ਲੱਖ ਦੇ ਕਰੀਬ ਪੁੱਜ ਜਾਣ ਅਤੇ ਚੰਡੀਗੜ੍ਹ ਦੇ ਆਸ ਪਾਸ ਦੇ ਇਲਾਕਿਆਂ ਤੋਂ ਵਿਕਰੀ ਲਈ ਆਉਂਦੇ ਫਲਾਂ ਤੇ ਸਬਜ਼ੀਆਂ ਦੀ ਵਿਕਰੀ ਦੀ ਸੀਜ਼ਨ ਦੌਰਾਨ ਕਿਸਾਨਾਂ ਵਲੋਂ ਵੀ ਕਣਕ ਤੇ ਝੋਨਾ ਵੇਚਣ ਆਉਣ ਨਾਲ ਇਥੇ ਕਾਫ਼ੀ ਭੀੜ-ਭੜੱਕਾ ਬਣਿਆ ਰਹਿੰਦਾ ਹੈ।
ਸ਼ਹਿਰ ਦੇ ਆੜ੍ਹਤੀਆਂ ਨੂੰ ਇਥੇ ਥਾਂ ਥੋੜ੍ਹੀ ਹੋਣ ਕਾਰਨ ਮਾਰਕੀਟਿੰਗ ਕਰਨ 'ਚ ਮੁਸ਼ਕਲ ਆਉਂਦੀ ਹੈ, ਜਿਸ ਕਾਰਨ ਉਹ ਦੂਜੇ ਰਾਜਾਂ 'ਚ ਜਾਂਦੇ ਹਨ। ਸੂਤਰਾਂ ਅਨੁਸਾਰ ਆੜ੍ਹਤੀ ਪ੍ਰਸ਼ਾਸਨ ਵਲੋਂ ਜ਼ੋਰ ਦੇਣ 'ਤੇ ਵੀ 39 'ਚ ਸੇਬਾਂ ਦਾ ਕਾਰੋਬਾਰ ਸ਼ਿਫ਼ਟ ਨਹੀਂ ਕਰ ਰਹੇ।ਨਵੀਂ ਮੰਡੀ 'ਚ 200 ਤੋਂ ਵੱਧ ਦੁਕਾਨਾਂ, ਸ਼ੋਅਰੂਮ ਅਤੇ ਸ਼ੈਡ ਹੋਣਗੇ
ਤਿਆਰ : ਯੂ.ਟੀ. ਪ੍ਰਸ਼ਾਸਨ ਦਾ ਮਾਰਕੀਟਿੰਗ ਬੋਰਡ ਨਾਬਾਰਡ (ਨੈਸ਼ਨਲ ਐਗਰੀਕਲਚਰ ਰੂਰਲ ਡਿਵੈਲਪਮੈਂਟ ਬੈਂਕ) ਦੀ ਸਹਾਇਤਾ ਨਾਲ ਸੈਕਟਰ 39 'ਚ ਨਵੀਂ ਸਬਜ਼ੀ ਮੰਡੀ 'ਚ 200 ਦੇ ਕਰੀਬ ਛੋਟੀਆਂ ਦੁਕਾਨਾਂ, ਆੜ੍ਹਤੀਆਂ ਲਈ ਥੜੇ ਤੇ ਸਮਾਨ ਰੱਖਣ ਲਈ ਸ਼ੈਡ, ਸ਼ੋਅ ਰੂਮ ਅਤੇ ਕਿਸਾਨਾਂ ਲਈ ਆਰਾਮ ਘਰ ਅਤੇ ਟਰੱਕਾਂ ਤੇ ਹੋਰ ਢੋਅ-ਢੁਆਈ ਲਈ ਆਉਣ ਵਾਲਿਆਂ ਲਈ ਬਾਥਰੂਮ, ਨਹਾਉਣ ਤੇ ਵਾਹਨਾਂ ਦੀ ਪਾਰਕਿੰਗ ਲਈ ਵਿਸ਼ੇਸ਼ ਸਥਾਨਾਂ ਦੀ ਉਸਾਰੀ ਕਰੇਗਾ। ਇਹ ਚੰਡੀਗੜ੍ਹ 'ਚ ਆਧੁਨਿਕ ਸਬਜ਼ੀ ਮੰਡੀ ਵਜੋਂ ਵਿਕਸਿਤ ਹੋਵੇਗੀ। ਇਸ ਦੀ ਉਸਾਰੀ ਲਈ ਵਾਤਾਵਰਣ ਵਿਭਾਗ ਵਲੋਂ ਨਿਯਮਾਂ ਨੂੰ ਮਨਜ਼ੂਰੀ ਦੇ ਦਿਤੀ ਗਈ ਹੈ।