
ਕਿਹਾ - ਮੈਂ ਤਾਂ ਅਪਣੀਆਂ ਟਿਊਬਵੈੱਲਾਂ ਦੇ ਬਿੱਲ ਵੀ ਆਪ ਭਰਦਾ ਫਿਰ ਇਹ ਘਪਲਾ ਕਰਨਾ ਤਾਂ ਦੂਰ ਦੀ ਗੱਲ ਹੈ
ਬਠਿੰਡਾ : ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਲੀਡਰ ਮਨਪ੍ਰੀਤ ਸਿੰਘ ਬਾਦਲ ਅੱਜ ਵਿਜੀਲੈਂਸ ਅੱਗੇ ਪੇਸ਼ ਹੋਏ। ਵਿਜੀਲੈਂਸ ਬਿਊਰੋ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਦਫ਼ਤਰ ਵਿਖੇ ਤਲਬ ਕੀਤਾ ਸੀ। ਮਨਪ੍ਰੀਤ ਬਾਦਲ 'ਤੇ ਮੰਤਰੀ ਰਹਿੰਦਿਆਂ ਗਲਤ ਤਰੀਕੇ ਨਾਲ ਜ਼ਮੀਨ ਦੀ ਖਰੀਦੋ ਫਰੋਖ਼ਤ ਕਰਨ ਦੇ ਇਲਜ਼ਾਮ ਸਨ। ਮਨਪ੍ਰੀਤ ਸਿੰਘ ਬਾਦਲ ਦੀ ਸ਼ਿਕਾਇਤ ਵਿਜੀਲੈਂਸ ਨੂੰ ਅਕਾਲੀ ਦਲ ਦੇ ਸਰੂਪ ਚੰਦ ਸਿੰਗਲਾ ਨੇ ਕੀਤੀ ਸੀ।
ਅੱਜ ਵਿਜੀਲੈਂਸ ਅੱਗੇ ਪੇਸ਼ ਹੋਣ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਵਿਜੀਲੈਂਸ ਦੀ ਪੁੱਛਗਿੱਛ ਤੋਂ ਕੋਈ ਗਿਲਾ ਸ਼ਿਕਵਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸਰੂਪ ਚੰਦ ਸਿੰਗਲਾ ਨਾਲ ਉਹਨਾਂ ਦੇ 3 ਮੱਤਭੇਦ ਸਨ ਇਕ ਤਾਂ ਇਹ ਕਿ 2014 ਵਿਚ ਉਹਨਾਂ ਨੇ ਚੋਣ ਲੜੀ ਸੀ ਤੇ ਉਸ ਸਮੇਂ ਉਹ ਪੀਪੀਪੀ ਪਾਰਟੀ ਦੇ ਮੈਂਬਰ ਸਨ ਤੇ ਸਰੂਪ ਚੰਦ ਸਿੰਗਲਾ ਉਸ ਸਮੇਂ ਇੱਥੋਂ ਦੇ ਅਕਾਲੀ ਦਲ ਤੋਂ ਵਿਧਾਇਕ ਸਨ ਤੇ ਹਰਸਿਮਰਤ ਕੌਰ ਬਾਦਲ ਨਾਲ ਚੋਣ ਲੜੀ ਸੀ ਤੇ ਬਠਿੰਡਾ ਦੇ ਲੋਕਾਂ ਨੇ ਉਹਨਾਂ ਨੂੰ 30 ਹਜ਼ਾਰ ਵੋਟ ਨਾਲ ਜਤਾਇਆ ਸੀ।
ਇਸ ਤੋਂ ਅੱਗੇ ਮਨਪ੍ਰੀਤ ਬਾਦਲ ਨੇ ਦੱਸਿਆ ਕਿ ਦੂਜਾ ਮਤਭੇਦ ਉਹਨਾਂ ਦਾ ਇਹ ਸੀ ਕਿ ਵਿਧਾਨ ਸਭਾ ਚੋਣਾਂ ਵੇਲੇ ਇਹਨਾਂ ਨੂੰ ਰੀਨੌਮੀਨੇਟ ਕਰ ਦਿੱਤਾ ਗਿਆ ਸੀ ਤੇ ਇਹ 18-19 ਹਜ਼ਾਰ ਵੋਟ ਨਾਲ ਫਿਰ ਹਾਰ ਗਏ ਸਨ। ਤੀਜਾ ਮਤਭੇਦ ਇਹ ਸੀ ਕਿ 2022 ਵਿਚ ਇਹ ਫਿਰ ਹਾਰ ਗਏ ਹਾਲਾਂਕਿ ਹਾਰ ਤਾਂ ਮੈਨੂੰ ਵੀ ਮਿਲੀ ਪਰ ਮੈਨੂੰ ਇਹਨਾਂ ਨਾਲੋਂ ਜ਼ਿਆਦਾ ਵੋਟਾਂ ਮਿਲੀਆਂ, ਸੋ ਮੈਨੂੰ ਇਹੀ ਲੱਗਦਾ ਹੈ ਕਿ ਇਹਨਂ ਨੇ ਮੇਰੇ ਤੋਂ ਖਿੱਝ ਕੇ ਇਹ ਸ਼ਿਕਾਇਤ ਕੀਤੀ ਹੈ, ਇਸ ਨੂੰ ਸਿਆਸੀ ਰੰਜ਼ਿਸ਼ ਨਹੀਂ ਕਹਿ ਸਕਦੇ।
Manpreet Badal
ਮਨਪ੍ਰੀਤ ਬਾਦਲ ਨੇ ਕਿਹਾ ਕਿ ਸ਼ਿਕਾਇਤ ਵਿਚ ਇਹਨਾਂ ਨੇ ਮੇਰੇ 'ਤੇ ਇਲਜ਼ਾਮ ਲਗਾਇਆ ਹੈ ਕਿ ਮੈਂ ਮੰਤਰੀ ਰਹਿੰਦਿਆਂ ਇਕ ਪਲਾਂਟ ਖਰੀਦਿਆ ਜੋ ਕਿ ਪਹਿਲਾਂ ਕਮਰਸ਼ੀਅਲ ਸੀ ਤੇ ਬਾਅਦ ਵਿਚ ਅਪਣੀ ਧੌਂਸ ਜਮਾ ਕੇ ਇਹ ਰੈਜ਼ੀਡੈਨਸ਼ੀਅਲ ਕਰਵਾ ਲਿਆ ਗਿਆ। ਉਹਨਾਂ ਨੇ ਸਪੱਸਟੀਕਰਨ ਦਿੱਤਾ ਕਿ ਉਹਨਾਂ ਦੇ ਖਰੀਦਣ ਤੋਂ 10 ਸਾਲ ਪਹਿਲਾਂ ਹੀ ਪਲਾਂਟ ਰੈਜ਼ੀਡੈਨਸ਼ੀਅਲ ਹੋ ਗਿਆ ਸੀ ਤੇ ਉਸ਼ ਸਮੇਂ ਉਹ ਨਾ ਤਾਂ ਵਿਧਾਇਕ ਸਨ ਤੇ ਨਾ ਹੀ ਮੰਤਰੀ ਸਨ ਪਰ ਹਾਂ ਸਰੂਪ ਚੰਦ ਸਿੰਗਲਾ ਉਸ ਸਮੇਂ ਵਿਧਾਇਕ ਜ਼ਰੂਰ ਸਨ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਜੇ ਸਰੂਪ ਸਿੰਗਲਾ ਨੇ ਸ਼ਿਕਾਇਤ ਕਰਨੀ ਹੀ ਸੀ ਤਾਂ ਪਹਿਲਾਂ ਕਰਦੇ ਤੇ ਕਰਨ ਤੋਂ ਪਹਿਲਾਂ ਇਙ ਤਾਂ ਸੋਚਦੇ ਕਿ ਉਸ ਸਮੇਂ ਤਾਂ ਮਨਪ੍ਰੀਤ ਬਾਦਲ ਕੋਲ ਕੋਈ ਅਹੁਦਾ ਵੀ ਨਹੀਂ ਸੀ। ਇਸ ਦੇ ਨਾਲ ਹੀ ਉਹਨਾਂ ਨੇ ਪਲਂਟ ਲਈ ਬੋਲੀ ਬਾਰੇ ਗੱਲ ਕਰਦਿਆਂ ਕਿਹਾ ਕਿ ਕੋਈ ਵੀ ਪੋਰਟਲ 'ਤੇ ਜਾ ਕੇ ਬੋਲੀ ਲਗਾ ਸਕਦਾ ਸੀ ਬੋਲੀ ਰੋਕਣ ਵਾਲਾ ਮੈਂ ਕੋਈ ਨਹੀਂ ਹੁੰਗਾ।
ਉਹਨਾਂ ਨੇ ਕਿਹਾ ਕਿ 2018 ਵਿਚ ਇਹਨਾਂ ਨੇ 68 ਪਲਾਂਟ ਬੋਲੀ 'ਤੇ ਲਗਾਏ ਸਨ ਜਿਹਨਾਂ ਵਿਚੋਂ ਸਿਰਫ਼ 12 ਪਲਾਂਟ ਹੀ ਵਿਕੇ ਸਨ ਤੇ ਜਿਹੜਾ ਪਲਾਂਟ ਉਹਨਾਂ ਨੇ ਲਿਆ ਸੀ ਉਸ ਦੀ ਕਿਸੇ ਨੇ ਵੀ ਬੋਲੀ ਨਹੀਂ ਦਿੱਤੀ। ਮਨਪ੍ਰੀਤ ਬਾਦਲ ਨੇ ਅਪਣੇ 'ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਤੇ ਕਿਹਾ ਕਿ ਉਹਨਾਂ ਨੇ ਵਿਜੀਲੈਂਸ ਨੂੰ ਵੀ ਸਾਰੇ ਸਬੂਤ ਤੇ ਸਵਾਲਾਂ ਦੇ ਜਾਵਬ ਦਿੱਤੇ ਹਨ।
ਇਸ ਦੇ ਨਾਲ ਹੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਉਹਨਾਂ ਨੇ ਤਾਂ ਕਦੇ ਸਰਕਾਰ ਵਿਚ ਰਹਿੰਦਿਆਂ ਗੱਡੀ ਵਿਚ ਤੇਲ ਪਵਾਉਣ ਦੇ ਪੈਸੇ ਸਰਕਾਰ ਤੋਂ ਨਹੀਂ ਲਏ ਤੇ ਨਾ ਹੀ ਕਦੇ ਬਾਹਰ ਹੋਣ ਵਾਲੀਆਂ ਮੀਟਿੰਗ ਦੌਰਾਨ ਪੈਸੇ ਲਏ ਹਨ ਤਾਂ ਫਿਰ ਇਹ ਘਪਲਾ ਕਰਨਾ ਤਾਂ ਦੂਰ ਦੀ ਗੱਲ ਹੈ। ਉਹਨਾਂ ਨੇ ਕਿਹਾ ਕਿ ਉਙ ਸ਼ਾਇਦ ਇਕੋ ਇਕ ਕਿਸਾਨ ਹੈ ਜੋ ਅਪਣੀਆਂ ਟਿਊਬਵੈੱਲਾਂ ਦੇ ਬਿੱਲ ਭਰਦੇ ਹਨ ਤੇ ਇਕ ਵੀ ਪੈਸਾ ਮੰਤਰੀ ਰਹਿੰਦੇ ਸਰਕਾਰ ਦੇ ਖਾਤੇ ਵਿਚੋਂ ਨਹੀਂ ਲਏ। ਉਹਨਾਂ ਨੇ ਸਿੱਧੇ ਤੌਰ 'ਤੇ ਅਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ।
ਇਸ ਦੇ ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤੰਜ਼ ਕੱਸਦਿਆਂ ਕਿਹਾ ਕਿ ਨਾ ਤਾਂ ਉਹ ਭਗਵੰਤ ਮਾਨ ਤੋਂ ਡਰਦੇ ਹਨ ਤੇ ਨਾ ਹੀ ਉਹਨਾਂ ਦੀ ਵਿਜੀਲੈਂਸ ਤੋਂ ਡਰਦੇ ਹਨ। ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਜਿੰਨੀ ਹੈਸੀਅਤ ਹੈ ਉਸ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਉਸ ਦੇ ਮਨ ਵਿਚ ਇਹ ਗਿਲਾ ਨਾ ਰਹਿ ਜਾਵੇ ਕਿ ਉਹ ਮੁੱਖ ਮੰਤਰੀ ਬਣਿਆ ਸੀ ਤੇ ਮਨਪ੍ਰੀਤ ਬਾਦਲ ਦਾ ਨੁਕਸਾਨ ਨਹੀਂ ਕਰ ਸਕਿਆ, ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਉਹਨਾਂ ਨੂੰ ਰਾਜਾ ਵੜਿੰਗ ਨਾ ਸਮਝਣ ਜਿਸ ਨੇ ਰਾਤ ਨੂੰ ਟੋਪੀ ਪਾ ਕੇ ਤੇ ਮਾਸਕ ਲਗਾ ਕੇ ਤੇਰੇ ਪੈਰੀਂ ਹੱਥ ਲਗਾਏ ਸਨ ਇਹ ਗੱਲ ਉਹਨਾਂ ਦੀ ਫਿਤਰਤ ਵਿਚ ਨਹੀਂ ਹੈ।