
ਸਵੇਰੇ ਇਕੱਠੇ ਖਾਣਾ ਖਾਧਾ, ਇੱਕ-ਇੱਕ ਕਰਕੇ ਹੋਈ ਤਿੰਨਾਂ ਦੀ ਮੌਤ
Nawanshahr News : ਨਵਾਂਸ਼ਹਿਰ ਦੇ ਪਿੰਡ ਮੱਲਪੁਰ ਆਦਕਾ ਵਿਖੇ ਘਰੇਲੂ ਝਗੜੇ ਕਾਰਨ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਦਕਿ ਉਸ ਪਰਿਵਾਰ ਦੀ 11-12 ਸਾਲ ਦੀ ਲੜਕੀ ਸਕੂਲ ਗਈ ਹੋਈ ਸੀ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਮੱਲਪੁਰ ਆਦਕਾ ਦਾ ਰਹਿਣ ਵਾਲਾ 37 ਸਾਲਾ ਅਵਤਾਰ ਸਿੰਘ ਆਪਣੀ 35 ਸਾਲਾ ਪਤਨੀ ਸੋਨੀਆ ਅਤੇ 15 ਸਾਲਾ ਵੱਡੀ ਬੇਟੀ ਅਤੇ ਛੋਟੀ ਬੇਟੀ ਨਾਲ ਖੁਸ਼ੀ -ਖੁਸ਼ੀ ਰਹਿ ਰਿਹਾ ਸੀ।
ਬੁੱਧਵਾਰ ਸਵੇਰੇ ਅਵਤਾਰ ਸਿੰਘ, ਉਸ ਦੀ ਪਤਨੀ ਸੋਨੀਆ ਅਤੇ ਵੱਡੀ ਬੇਟੀ ਘਰ 'ਚ ਖਾਣਾ ਖਾ ਰਹੇ ਸਨ। ਜਿਨ੍ਹਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਦਕਿ ਛੋਟੀ ਬੇਟੀ ਸਕੂਲ ਗਈ ਹੋਈ ਸੀ। ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਸੋਨੀਆ ਅਤੇ ਵੱਡੀ ਬੇਟੀ ਨੂੰ ਇਲਾਜ ਲਈ ਨਵਾਂਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਅਤੇ ਅਵਤਾਰ ਸਿੰਘ ਨੂੰ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ।
ਹਸਪਤਾਲ ਦੇ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੋਨੀਆ ਅਤੇ ਉਸ ਦੀ ਬੇਟੀ ਨੂੰ ਸਵੇਰੇ ਕਰੀਬ ਸਾਢੇ 8 ਵਜੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਨੇ ਸਲਫਾਸ ਦੀ ਦਵਾਈ ਨਿਗਲ ਲਈ ਸੀ ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਉਨ੍ਹਾਂ ਦੱਸਿਆ ਕਿ ਬੱਚੀ ਦੀ ਬੁੱਧਵਾਰ ਸਵੇਰੇ 10 ਵਜੇ ਅਤੇ ਸੋਨੀਆ ਦੀ 12 ਵਜੇ ਮੌਤ ਹੋ ਗਈ।
ਇਸ ਦੌਰਾਨ ਸੋਨੀਆ ਦੇ ਪਤੀ ਅਵਤਾਰ ਸਿੰਘ ਦੀ ਵੀ ਤਬੀਅਤ ਵਿਗੜ ਗਈ ਅਤੇ ਉਸ ਨੂੰ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਵੀ ਇਲਾਜ ਦੌਰਾਨ ਕਰੀਬ 1.30 ਵਜੇ ਮੌਤ ਹੋ ਗਈ। ਹੁਣ ਘਰ ਵਿੱਚ ਸਿਰਫ਼ 11-12 ਸਾਲ ਦੀ ਸਕੂਲ ਜਾਣ ਵਾਲੀ ਕੁੜੀ ਹੀ ਬਚੀ ਹੈ।
ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਕੀਤਾ ਜਾਵੇਗਾ ਅੰਤਿਮ ਸਸਕਾਰ
ਸੂਚਨਾ ਮਿਲਣ ਦੇ ਬਾਅਦ ਪੁਲਿਸ ਨੇ ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਭੇਜ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੀ ਸੂਚਨਾ ਮਿਲਦੇ ਹੀ ਪਿੰਡ ਅਤੇ ਪਰਿਵਾਰਕ ਮੈਂਬਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ। ਥਾਣਾ ਸਦਰ ਨਵਾਂਸ਼ਹਿਰ ਦੇ ਏਐਸਆਈ ਮਹਿੰਦਰ ਪਾਲ ਨੇ ਦੱਸਿਆ ਕਿ ਅਵਤਾਰ ਸਿੰਘ ਦੇ ਰਿਸ਼ਤੇਦਾਰ ਵਿਦੇਸ਼ ਗਏ ਹੋਏ ਹਨ ਅਤੇ ਤਿੰਨਾਂ ਲਾਸ਼ਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਵਿਦੇਸ਼ ਤੋਂ ਪਰਤਣ ਤੋਂ ਬਾਅਦ ਹੀ ਕੀਤਾ ਜਾਵੇਗਾ।