
ਪੰਜਾਬ ਯੂਨੀਵਰਸਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਵਿਚ ਜਿੱਤ ਹਾਰ ਦਾ ਫ਼ੈਸਲਾ ਕਾਨੂੰਨ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ.............
ਚੰਡੀਗੜ੍ਹ : ਪੰਜਾਬ ਯੂਨੀਵਰਸਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਵਿਚ ਜਿੱਤ ਹਾਰ ਦਾ ਫ਼ੈਸਲਾ ਕਾਨੂੰਨ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੇ ਮੂਡ ਤੇ ਨਿਰਭਰ ਕਰੇਗਾ ਕਿਉਂਕਿ ਕੁਲ ਵੋਟਾਂ ਦਾ ਲਗਭਗ ਤੀਜਾ ਹਿੱਸਾ ਇਨ੍ਹਾਂ ਦੋਵੇਂ ਵਿਭਾਗਾਂ ਦੇ ਵਿਦਿਆਰਥੀਆਂ ਦਾ ਹੈ। ਪਿਛਲੇ ਸਾਲ 15700 ਵੋਟਾਂ ਵਿਚੋਂ ਵਕਾਲਤ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 2500 ਤੋਂ ਵੱਧ ਦਰਜ ਕੀਤੀ ਗਈ ਜਦਕਿ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਸੰਖਿਆ 3200 ਤੋਂ ਵੱਧ ਰਹੀ।
ਇਸ ਹਿਸਾਬ ਨਾਲ ਇਹ ਸੰਖਿਆ 6 ਹਜ਼ਾਰ ਦੇ ਕਰੀਬ ਪਹੁੰਚ ਜਾਂਦੀ ਹੈ ਜੋ ਕੁਲ ਵੋਟਰਾਂ ਦਾ 33 ਫ਼ੀ ਸਦੀ ਤੋਂ ਵੱਧ ਬਣ ਜਾਂਦਾ ਹੈ। ਲਾਅ ਵਿਭਾਗ ਦੀ ਸਰਦਾਰੀ ਯੂ.ਆਈ.ਈ.ਟੀ. ਨੇ ਖੋਹੀ: ਵੋਟਾਂ ਦੀ ਗਿਣਤੀ ਦੇ ਲਿਹਾਜ਼ ਕਦੇ ਲਾਅ ਵਿਭਾਗ ਦੀ ਸਰਦਾਰੀ ਹੁੰਦੀ ਸੀ ਪਰ ਯੂ.ਆਈ.ਈ.ਟੀ. ਸੱਭ ਤੋਂ ਅੱਗੇ ਹੈ। ਪਿਛਲੇ ਸਾਲ ਇਸ ਵਿਭਾਗ ਦੀਆਂ ਕੁਲ ਵੋਟਾਂ 2500 ਦੇ ਕਰੀਬ ਸਨ ਜਦਕਿ ਯੂ.ਆਈ.ਐਲ.ਐਸ. 1340 ਵੋਟਾਂ ਨਾਲ ਦੂਜੇ ਅਤੇ 1190 ਵੋਟਾਂ ਨਾਲ ਲਾਅ ਵਿਭਾਗ ਤੀਜੇ ਸਥਾਨ 'ਤੇ ਚਲਾ ਗਿਆ। ਕੈਮੀਕਲ ਇੰਜੀ. ਅਤੇ ਤਕਨਾਲੋਜੀ ਵਿਭਾਗ 780 ਵੋਟਾਂ ਨਾਲ ਚੌਥੇ ਸਥਾਨ 'ਤੇ ਹੈ।
ਲਾਅ ਵਿਭਾਗ ਦੇ ਵਿਦਿਆਰਥੀ ਚੋਣ ਮੈਦਾਨ 'ਚ ਉਤਰੇ : ਕਾਨੂੰਨੀ ਦੀ ਪੜ੍ਹਾਈ ਕਰਨ ਵਾਲੇ ਦੋ ਵਿਭਾਗਾਂ, ਲਾਅ ਵਿਭਾਗ ਅਤੇ ਯੂਨੀਵਰਸਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼ ਯੂ.ਆਈ.ਐਲ.ਐਸ. ਵਾਲੇ ਵਿਦਿਆਰਥੀਆਂ ਨੇ ਇਨ੍ਹਾਂ ਚੋਣਾਂ ਵਿਚ ਅਪਣੇ ਉਮੀਦਵਾਰ ਖੜੇ ਕਰਨ ਦਾ ਫ਼ੈਸਲਾ ਕੀਤਾ ਹੈ। ਇੰਨਾ ਹੀ ਨਹੀਂ, ਇਨ੍ਹਾਂ ਵਿਭਾਗਾਂ ਦੇ ਵਿਦਿਆਰਥੀਆਂ ਨੇ ਨਵੀਂ ਜਥੇਬੰਦੀ ਲਾਅ ਸਟੂਡੈਂਟਸ ਯੂਨੀਅਨ (ਐਲ.ਐਸ.ਯੂ.) ਬਣਾਈ ਹੈ। ਇਸ ਦੀ ਕਮਾਨ ਹਾਰਦਿਕ ਆਹਲੂਵਾਲੀਆ ਨੂੰ ਸੌਂਪੀ ਗਈ ਹੈ, ਜੋ ਕਦੇ ਪੁਸੁ ਪਾਰਟੀ ਨਾਲ ਜੁੜਿਆ ਰਿਹਾ ਹੈ
ਕਿਉਂਕਿ ਕਾਨੂੰਨ ਦਾ ਪੜ੍ਹਾਈ ਕਰਨ ਵਾਲੇ ਇਨ੍ਹਾਂ ਦੋਵੇਂ ਵਿਭਾਗਾਂ 'ਚ 2500 ਤੋਂ ਵੱਧ ਵਿਦਿਆਰਥੀ ਹਨ, ਇਸ ਲਈ ਨਵੀਂ ਜਥੇਬੰਦੀ ਕਾਫ਼ੀ ਹੌਸਲੇ 'ਚ ਲਗਦੀ ਹੈ।
ਇੰਜੀਨੀਅਰ ਵੀ ਤਿਆਰ : ਯੂ.ਆਈ.ਈ.ਟੀ. ਇਸ ਵੇਲੇ ਵੋਟਾਂ ਦੇ ਲਿਹਾਜ ਨਾਲ ਸੱਭ ਤੋਂ ਵੱਡਾ ਵਿਭਾਗ ਹੈ, ਜਿਥੇ 2500 ਦੇ ਕਰੀਬ ਵੋਟਾਂ ਹਨ। ਜੇ ਕੈਮੀਕਲ ਇੰਜੀਨੀਅਰ ਅਤੇ ਤਕਨਾਲੋਜੀ ਵਿਭਾਗ ਦੀਆਂ 700 ਵੋਟਾਂ ਵੀ ਜੋੜ ਦਿਤੀਆਂ ਜਾਣ ਤਾਂ ਇਹ ਸੰਖਿਆ 3200 ਹੋ ਜਾਂਦੀ ਹੈ। ਇਸ ਗਿਣਤੀ ਨੂੰ ਵੇਖਦੇ ਹੋਏ ਯੂ.ਆਈ.ਈ.ਟੀ. ਵਿਭਾਗ ਦੇ ਕੁੱਝ ਸਰਗਰਮ ਵਿਦਿਆਰਥੀ ਵੀ ਨਵੀਂ ਜਥੇਬੰਦੀ ਬਣਾਉਣ ਦੀ ਸੋਚ ਰਹੇ ਹਨ।
ਇਸ ਦੀ ਤਸਵੀਰ ਆਉਣ ਵਾਲੇ ਦਿਨਾਂ ਵਿਚ ਸਾਫ਼ ਹੋ ਸਕੇਗੀ। ਉਪਰੋਕਤ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਵਿਦਿਆਰਥੀ ਚੋਣਾਂ ਵਿਚ ਲਾਅ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਅਹਿਮੀਅਤ ਕਾਫ਼ੀ ਰਹੇਗੀ। ਦੂਜੇ ਅਰਥਾਂ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਜਿੱਤਣ ਵਾਲੀ ਪਾਰਟੀ ਨੂੰ ਇਨ੍ਹਾਂ ਦੋਹਾਂ ਵਿਭਾਗਾਂ ਦੇ ਵਿਦਿਆਰਥੀਆਂ ਨਾਲ ਵਧੀਆ ਤਾਲਮੇਲ ਰੱਖਣਾ ਹੋਵੇਗਾ। ਰਾਜਨੀਤੀ ਦੀ ਪੜ੍ਹਾਈ ਕਰਨ ਵਾਲੇ ਫਾਡੀ : ਇਨ੍ਹਾਂ ਚੋਣਾਂ ਵਿਚ ਰਾਜਨੀਤੀ ਸਾਸ਼ਤਰ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਬਹੁਤ ਭੂਮਿਕਾ ਨਹੀਂ ਹੁੰਦੀ
ਕਿਉਂਕਿ ਇਕ ਤਾਂ ਅਜਿਹੇ ਵਿਦਿਆਰਥੀਆਂ ਦੀ ਗਿਣਤੀ 50-60 ਦੇ ਕਰੀਬ ਰਹਿੰਦੀ ਹੈ। ਦੂਜਾ ਅੱਜ ਤਕ ਜੇਤੂ ਉਮੀਦਵਾਰਾਂ ਵਿਚ ਇਸ ਕੋਰਸ ਦੀ ਪੜ੍ਹਾਈ ਕਰਨ ਵਾਲਿਆਂ ਦਾ ਕੋਈ ਜ਼ਿਕਰ ਨਹੀਂ ਮਿਲਦਾ। ਪੰਜਾਬੀ ਪੜ੍ਹਨ ਵਾਲੇ ਵੀ ਘੱਟ ਗਿਣਤੀ ਵਿਚ : ਭਾਵੇਂ ਵਿਦਿਆਰਥੀ ਕੌਂਸਲ ਦੀ ਪ੍ਰਧਾਨਗੀ ਜ਼ਿਆਦਾਤਰ ਪੰਜਾਬ ਮੂਲ ਦੇ ਵਿਦਿਆਰਥੀਆਂ ਕੋਲ ਹੀ ਰਹੀ ਹੈ ਪਰ ਯੂਨੀਵਰਸਟੀ ਦਾ ਪੰਜਾਬੀ ਵਿਭਾਗ ਇਸ ਮਾਮਲੇ ਵਿਚ ਬਹੁਤ ਪਿਛੇ ਹੈ।
ਵਿਦਿਆਰਥੀ ਜਥੇਬੰਦੀਆਂ ਨੇ ਇਸ ਵਿਭਾਗ 'ਚੋਂ ਉਮੀਦਵਾਰ ਬਣਾਉਣ 'ਚ ਘੱਟ ਹੀ ਦਿਲਚਸਪੀ ਵਿਖਾਈ ਹੈ। ਯੂਨੀਵਰਸਟੀ ਦੇ ਚਾਰ-ਪੰਜ ਵਿਭਾਗਾਂ ਨੂੰ ਛੱਡ ਕੇ ਬਹੁਤੇ ਵਿਭਾਗਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਤਿੰਨ ਅੰਕਾਂ ਤਕ ਹੀ ਸੀਮਤ ਹੈ, ਇਸ ਕਰ ਕੇ ਜਿੱਤ/ਹਾਰ ਦਾ ਫ਼ੈਸਲਾ ਵਕਾਲਤ ਦੀ ਪੜ੍ਹਾਈ ਕਰਨ ਵਾਲੇ ਜਾਂ ਇੰਜੀਨੀਅਰਾਂ ਦੇ ਹੱਥ ਸਪੱਸ਼ਟ ਲਗਦੀ ਹੈ।