
ਐਤਵਾਰ ਨੂੰ ਵੀ ਪੰਜਾਬ ਵਿਚ ਕੋਰੋਨਾ ਨਾਲ ਹੋਈਆਂ 50 ਮੌਤਾਂ
ਚੰਡੀਗੜ੍ਹ, 23 ਅਗੱਸਤ (ਗੁਰਉਪਦੇਸ਼ ਭੁੱਲਰ) : ਐਤਵਾਰ ਨੂੰ ਹਫ਼ਤਾਵਾਰੀ ਤਾਲਾਬੰਦੀ ਦੇ ਚਲਦੇ ਸ਼ਾਮ ਤਕ ਬੀਤੇ 24 ਘੰਟਿਆਂ ਦੇ ਸਮੇਂ ਦੌਰਾਨ ਪੰਜਾਬ ਵਿਚ ਕੋਰੋਨਾ ਨਾਲ 50 ਹੋਰ ਮੌਤਾਂ ਹੋ ਗਈਆਂ ਹਨ। ਇਨ੍ਹਾਂ ਵਿਚੋਂ ਜ਼ਿਕਰਯੋਗ ਗੱਲ ਹੈ ਕਿ ਪਿਛਲੇ ਦਿਨਾਂ ਵਿਚ ਸੱਭ ਤੋਂ ਵੱਧ ਮੌਤਾਂ ਜ਼ਿਲ੍ਹਾ ਲੁਧਿਆਣਾ ਵਿਚ ਹੋ ਰਹੀਆਂ ਸਨ ਪਰ ਐਤਵਾਰ ਨੂੰ ਮੁੱਖ ਮੰਤਰੀ ਦੇ ਜ਼ਿਲ੍ਹਾ ਪਟਿਆਲਾ 'ਚ ਸਾਰੇ ਜ਼ਿਲ੍ਹਿਆਂ ਤੋਂ ਵੱਧ ਇਕ ਦਿਨ ਵਿਚ 19 ਮੌਤਾਂ ਹੋਈਆਂ ਹਨ। ਇਸ ਸਮੇਂ ਲੁਧਿਆਣਾ, ਜਲੰਧਰ ਤੇ ਪਟਿਆਲਾ ਵਿਚ ਹੀ ਸੱਭ ਤੋਂ ਜ਼ਿਆਦਾ ਮੌਤਾਂ ਅਤੇ ਪਾਜ਼ੇਟਿਵ ਮਾਮਲੇ ਆਏ ਹਨ। ਇਸ ਤੋਂ ਬਾਅਦ ਜ਼ਿਲ੍ਹਾ ਮੋਹਾਲੀ ਦਾ ਨੰਬਰ ਹੈ ਜਦਕਿ ਜ਼ਿਲ੍ਹਾ ਅੰਮ੍ਰਿਤਸਰ ਜੋ ਕਿਸੇ ਸਮੇਂ ਨੰਬਰ ਇਕ 'ਤੇ ਸੀ ਹੁਣ ਪਹਿਲਾਂ ਦੇ ਮੁਕਾਬਲੇ ਕਾਫੀ ਸੁਧਾਰ ਹੈ। ਇਸ
ਜ਼ਿਲ੍ਹੇ ਦਾ ਅੰਕੜਾ ਹੁਣ ਬਾਕੀ ਚਾਰ ਜ਼ਿਲ੍ਹਿਆਂ ਦੇ ਮੁਕਾਬਲੇ ਘੱਟ ਰਿਹਾ ਹੈ। 24 ਘੰਟਿਆਂ ਦੌਰਾਨ ਹੋਈਆਂ 50 ਮੌਤਾਂ 'ਚੋਂ ਜਿੱਥੇ ਪਟਿਆਲਾ ਜ਼ਿਲ੍ਹੇ ਵਿਚ 19 ਜਾਨਾਂ ਗਈਆਂ, ਉਥੇ ਜ਼ਿਲ੍ਹਾ ਲੁਧਿਆਣਾ ਵਿਚ 9, ਜਲੰਧਰ ਵਿਚ 7, ਗੁਰਦਾਪੁਰ 6, ਹੁਸ਼ਿਆਰਪੁਰ ਤੇ ਫ਼ਿਰੋਜ਼ਪੁਰ 2-2 ਅਤੇ ਫ਼ਾਜ਼ਿਲਕਾ, ਕਪੂਰਥਲਾ, ਸ੍ਰੀ ਮੁਕਤਸਰ ਸਾਹਿਬ, ਸੰਗਰੂਰ ਤੇ ਤਰਨਤਾਰਨ ਵਿਚ 1-1 ਮੌਤ ਹੋਈ ਹੈ।
ਅੱਜ 1136 ਨਵੇਂ ਪਾਜ਼ੇਟਿਵ ਮਾਮਲੇ ਆਏ ਹਨ। ਪਾਜ਼ੇਟਿਵ ਮਾਮਲਿਆਂ ਵਿਚ ਅੱਜ ਸੱਭ ਤੋਂ ਵੱਧ ਜ਼ਿਲ੍ਹਾ ਲੁਧਿਆਣਾ ਵਿਚ 242, ਪਟਿਆਲਾ ਵਿਚ 188, ਜਲੰਧਰ ਵਿਚ 107 ਮਾਮਲੇ ਆਏ ਹਨ। ਇਸ ਸਮੇਂ ਕੁੱਲ ਮੌਤਾਂ ਦੀ ਗਿਣਤੀ 1086 ਅਤੇ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ 41779 ਹੋ ਚੁੱਕਾ ਹੈ। 14165 ਇਲਾਜ ਅਧੀਨ ਮਰੀਜਾਂ ਵਿਚੋਂ 347 ਆਕਸੀਜ਼ਨ 'ਤੇ ਅਤੇ 46 ਵੈਂਟੀਲੇਟਰ 'ਤੇ ਹਨ। ਕੁੱਲ ਸੈਂਪਲ : 907160, ਪਾਜ਼ੇਟਿਵ ਮਾਮਲੇ : 41779 ਅਤੇ ਠੀਕ ਹੋਏ : 26328, ਇਲਾਜ ਅਧੀਨ : 14165, ਅਤੇ 1036 ਲੋਕਾਂ ਦੀ ਮੌਤ ਹੋ ਚੁੱਕੀ ਹੈ।image