
ਫੱਟੜ ਏਐਸਆਈ ਨੇ ਗੈਂਗਸਟਰ ਨੂੰ ਪਿਸਤੌਲ ਸਮੇਤ ਕੀਤਾ ਕਾਬੂ
ਭਿੱਖੀਵਿੰਡ, 24 ਅਗੱਸਤ (ਗੁਰਪ੍ਰਤਾਪ ਸਿੰਘ ਜੱਜ) : ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਪੂਹਲਾ ਵਿਖੇ ਮੋਟਰਸਾਈਕਲ ਚੋਰੀ ਦੇ ਮਾਮਲੇ ਵਿਚ ਛਾਪਾ ਮਾਰਨ ਗਏ ਏਐਸਆਈ ਮਲਕੀਤ ਸਿੰਘ 'ਤੇ ਦੋ ਗੈਂਗਸਟਰਾਂ ਵਲੋਂ ਜਾਨਲੇਵਾ ਹਮਲਾ ਕਰਨ ਅਤੇ ਗੋਲੀ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰਨ ਦਾ ਸਮਾਚਾਰ ਪ੍ਰਪਤ ਹੋਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਏਐਸਆਈ ਮਲਕੀਤ ਸਿੰਘ ਅੱਜ ਤੜਕੇ ਪੁਲਿਸ ਦੇ ਕੁੱਝ ਮੁਲਾਜ਼ਮਾਂ ਨਾਲ ਮੋਟਰਸਾਈਕਲ ਚੋਰੀ ਦੇ ਮਾਮਲੇ ਵਿਚ ਪਿੰਡ ਪੂਹਲਾ ਵਿਖੇ ਗਏ ਸਨ ਤਾਂ ਰਸਤੇ ਵਿਚ ਇਕ ਬੁਲਟ ਮੋਟਰਸਾਈਕਲ 'ਤੇ ਦੋ ਸ਼ੱਕੀ ਵਿਆਕਤੀ ਆਉਂਦੇ ਦਿਖਾਈ ਦਿਤੇ ਤਾਂ ਏਐਸਆਈ ਨੇ ਉਨ੍ਹਾਂ ਤੋਂ ਪੁਛਗਿਛ ਕਰਨੀ ਚਾਹੀ ਤਾਂ ਗੈਂਗਸਟਰ ਰਛਪਾਲ ਸਿੰਘ ਉਰਫ ਦੌਲਾ ਨੇ ਏਐਸਆਈ 'ਤੇ ਗੋਲੀ ਚਲਾ ਦਿਤੀ ਜੋ ਏਐਸਆਈ ਦੇ ਸੱਜੇ ਪੱਟ ਵਿਚ ਲੱਗ ਗਈ ਜਿਸ ਨਾਲ ਉਕਤ ਏਐਸਆਈ ਗੰਭੀਰ ਜ਼ਖ਼ਮੀ ਹੋ ਗਿਆ ਪਰ ਏਐਸਆਈ ਨੇ ਦਲੇਰ ਨਾਲ ਸਾਥੀ ਮੁਲਾਜ਼ਮਾਂ ਦੀ ਸਹਾਇਤਾ ਨਾਲ ਉਕਤ ਗੈਂਗਸਟਰ ਨੂੰ ਪਿਸਟਲ ਸਮੇਤ ਗ੍ਰਿਫ਼ਤਾਰ ਕਰ ਲਿਆ ਜਦਕਿ ਦੂਜਾ ਸਾਥੀ ਭੱਜਣ ਵਿਚ ਕਾਮਯਾਬ ਹੋ ਗਿਆ। ਇਸ ਗੈਂਗਸਟਰ ਦੀ ਕਈ ਥਾਣਿਆਂ ਦੀ ਪੁਲਿਸ ਨੂੰ ਭਾਲ ਵੀ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਰਨ ਤਾਰਨ ਦੇ ਐਸਐਸਪੀ ਧਰਮੁਨ ਐਚ ਨਿੰਬਲੇ ਨੇ ਦਸਿਆ ਕਿ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪਰਚਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।