
ਗਲਵਾਨ ਦੇ ਸ਼ਹੀਦ ਫ਼ੌਜੀਆਂ ਦੇ ਵਾਰਸਾਂ ਨੂੰ ਐਲਾਨੇ ਲਾਭ ਹਾਲੇ ਨਹੀਂ ਮਿਲੇ : ਬ੍ਰਿਗੇਡੀਅਰ ਕਾਹਲੋਂ
ਚੰਡੀਗੜ੍ਹ, 24 ਅਗੱਸਤ (ਗੁਰਉਪਦੇਸ਼ ਭੁੱਲਰ): ਜੂਨ ਮਹੀਨੇ ਦੌਰਾਨ ਚੀਨ ਨਾਲ ਦੇਸ਼ ਦੀ ਰਾਖੀ ਕਰਦਿਆਂ ਦੁਸ਼ਮਣ ਦਾ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਜਾਨਾਂ ਵਾਰਨ ਵਾਲੇ ਪੰਜਾਬ ਨਾਲ ਸਬੰਧਤ ਗਲਵਾਨ ਦੇ ਸ਼ਹੀਦ ਯੋਧਿਆਂ ਦੇ ਵਾਰਸਾਂ ਨੂੰ ਬੇਟਲ ਕੈਯੂਐਲਟੀ ਸਰਟੀਫ਼ੀਕੇਟਾਂ ਸਮੇਤ ਸਰਕਾਰ ਵਲੋਂ ਐਲਾਨੇ ਹੋਰ ਲਾਭ ਹਾਲੇ ਤਕ ਨਹੀਂ ਮਿਲੇ। ਇਹ ਜਾਣਕਾਰੀ ਦਿੰਦਿਆਂ ਸਰਬ ਹਿੰਦ ਫ਼ੌਜੀ ਭਾਈਚਾਰਾ ਸੰਗਠਨ ਪੰਜਾਬ ਦੇ ਪ੍ਰਧਾਨ ਸੇਵਾ ਮੁਕਤ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਸ ਨਾਲ ਸ਼ਹੀਦ ਸੈਨਿਕ ਪ੍ਰਵਾਰਾਂ ਵਿਚ ਨਿਰਾਸ਼ਾ ਤੇ ਰੋਸ ਹੈ। ਐਕਸ ਗ੍ਰੇਸ਼ੀਆ ਗ੍ਰਾਂਟ ਤੇ ਹੋਰ ਐਲਾਨੇ ਲਾਭ ਤਕ ਵੀ ਜਾਰੀ ਨਾ ਹੋਣ ਕਾਰਨ ਸ਼ਹੀਦਾਂ ਦੇ ਪ੍ਰਵਾਰ ਸਰਕਾਰ ਨੂੰ ਕੋਸ ਰਹੇ ਹਨ। ਕਾਹਲੋਂ ਨੇ ਸਰਟੀਫ਼ੀਕੇਟਾਂ ਸਬੰਧੀ ਡਿਫ਼ੈਂਸ ਮੰਤਰਾਲੇ ਦੇ ਤਰਕ ਵਿਰੁਧ ਵੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜਾਣ ਬੁਝ ਕੇ ਉਚ ਪ੍ਰਸ਼ਾਸਨਿਕ ਅਧਿਕਾਰੀ ਮਾਮਲੇ ਨੂੰ ਲਟਕਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹੀਦ ਪ੍ਰਵਾਰਾਂ ਦੇ ਵਾਰਸਾਂ ਲਈ ਐਕਸ ਗ੍ਰੇਸ਼ੀਆ ਵਧਾ ਕੇ 50 ਲੱਖ ਕਰਨ ਦੀ ਤਜਵੀਜ਼ ਹੈ ਪਰ ਕੈਯੂਐਲਟੀ ਸਰਟੀਫ਼ੀਕੇਟ ਨਾ ਮਿਲਣ ਕਾਰਨ ਮਾਮਲਾ ਲਟਕਿਆ ਹੋਇਆ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਫ਼ੌਜੀ ਮਸਲਿਆਂ ਬਾਰੇ ਵੀਡੀਉ ਕਾਨਫ਼ਰੰਸ ਕਰਨ ਦੀ ਵੀ.image ਮੰਗ ਕੀਤੀ ਹੈ।