
'ਫਰੇਬ ਦੇ ਆਸਰੇ ਖੁੱਸੀ ਸਿਆਸੀ ਜ਼ਮੀਨੀ ਭਾਲਣ ਦੀ ਕੋਸ਼ਿਸ਼ ਛੱਡ ਕੇ ਅਕਾਲੀ ਦਲ ਪ੍ਰਧਾਨ ਜ਼ਮੀਨੀ ਹਕੀਕਤਾਂ ਤੋਂ ਜਾਣੂੰ ਹੋਵੇ'
ਚੰਡੀਗੜ੍ਹ : ਮਗਨਰੇਗਾ ਬਜਟ 'ਚ ਹੇਰਾਫੇਰੀ ਦੇ ਦੋਸ਼ਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸੱਤਾਧਾਰੀ ਧਿਰ ਦਰਮਿਆਨ ਸ਼ਬਦੀ ਵਾਰ ਸ਼ੁਰੂ ਹੋ ਗਿਆ ਹੈ। ਬੀਤੇ ਦਿਨੀਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਵਲੋਂ ਘਪਲੇ ਦੇ ਦੋਸ਼ਾਂ ਸਬੰਧੀ ਸੁਖਬੀਰ ਬਾਦਲ ਵੱਲ ਨਿਸ਼ਾਨਾ ਸਾਧਦਿਆਂ ਉਨ੍ਹਾਂ ਤੋਂ 800 ਕਰੋੜ ਦੇ ਬਜਟ ਵਿਚੋਂ 1000 ਕਰੋੜ ਦੇ ਘਪਲੇ ਸਬੰਧੀ ਸਵਾਲ ਪੁਛੇ ਸਨ। ਹੁਣ ਇਸੇ ਮੁੱਦੇ 'ਤੇ ਇਕ ਹੋਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਸੁਖਬੀਰ ਬਾਦਲ ਦੇ ਦਾਅਵਿਆਂ 'ਤੇ ਸਵਾਲ ਖੜ੍ਹੇ ਕਰਦਿਆਂ ਤਲਖ਼ ਟਿੱਪਣੀਆਂ ਕੀਤੀਆਂ ਹਨ।
Sukhjinder Singh Randhawa
ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਸੁਖਬੀਰ ਖਿਲਾਫ਼ ਤੰਜ ਕਸਦਿਆਂ ਕਿਹਾ, ''ਲੱਗਦੈ, ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੂਬੇ ਵਿਚ ਕੀਤੀਆਂ ਜਾ ਰਹੀਆਂ ਵਿਕਾਸ ਮੁਖੀ ਪੇਸ਼ਕਦਮੀਆਂ ਦੇ ਸਿਲਸਿਲੇ ਵਿਚ ਸਫ਼ੇਦ ਝੂਠ ਬੋਲਣ ਦੀ ਬੁਰੀ ਆਦਤ ਪੈ ਚੁੱਕੀ ਹੈ ਤਾਂ ਹੀ ਉਸ ਵਲੋਂ ਸੂਬੇ ਵਿਚ ਮਗਨਰੇਗਾ ਸਕੀਮ ਤਹਿਤ 1000 ਕਰੋੜ ਰੁਪਏ ਦੇ ਤਥਾਕਥਿਤ ਘੋਟਾਲੇ ਦੇ ਥੁੱਕੀ ਵੜੇ ਪਕਾਏ ਜਾ ਰਹੇ ਹਨ।'' ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂੰ ਹੋ ਚੁੱਕੇ ਹਨ ਕਿ ਸੱਤਾ ਤੋਂ ਬਾਹਰ ਹੁੰਦੇ ਹੀ ਅਕਾਲੀ ਅਪਣੀ ਗੁਆਚੀ ਸਿਆਸੀ ਸ਼ਾਖ ਬਹਾਲ ਕਰਨ ਲਈ ਤਰਲੋਮੱਛੀ ਹੋ ਜਾਂਦੇ ਹਨ ਅਤੇ ਅਜਿਹੇ ਹੋਛੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੰਦੇ ਹਨ। ਪਰ ਸੱਤਾ ਵਿਚ ਆਉਂਦਿਆਂ ਹੀ ਇਨ੍ਹਾਂ ਨੂੰ ਅਪਣੇ ਸਾਰੇ ਮੁੱਦੇ ਭੁੱਲ ਜਾਂਦੇ ਹਨ।
Sukhbir Badal
ਸ. ਰੰਧਾਵਾ ਨੇ ਕਿਹਾ ਕਿ ਇਨ੍ਹਾਂ ਦੀਆਂ ਅਜਿਹੀਆਂ ਕੋਝੀਆਂ ਹਰਕਤਾਂ ਕਰਕੇ ਹੀ ਇਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਵਿਚ ਵਿਰੋਧੀ ਧਿਰ ਦਾ ਵੀ ਰੁਤਬਾ ਨਹੀਂ ਮਿਲਿਆ ਅਤੇ ਅਕਾਲੀ ਦਲ 14 ਸੀਟਾਂ ਨਾਲ ਤੀਜੇ ਸਥਾਨ 'ਤੇ ਸੁੰਗੜ ਗਿਆ ਜੋ ਕਿ ਇਨ੍ਹਾਂ ਸਿਆਸੀ ਖ਼ਾਤਮੇ ਦਾ ਸੂਚਕ ਹੈ। ਤੱਥਾਂ ਉਤੇ ਗੱਲ ਕਰਦੇ ਹੋਏ ਕਾਂਗਰਸੀ ਆਗੂ ਨੇ ਕਿਹਾ ਕਿ ਇਸ ਸਾਲ ਮਗਨਰੇਗਾ ਦੇ ਕੁਲ 800 ਕਰੋੜ ਰੁਪਏ ਦੇ ਬਜਟ ਵਿਚੋਂ ਹੁਣ ਤੱਕ 390 ਕਰੋੜ ਰੁਪਏ ਦਾ ਕੁਲ ਖ਼ਰਚ ਹੋਇਆ ਹੈ ਜਿਸ ਵਿਚੋਂ ਸਾਜੋ-ਸਮਾਨ ਦੀ ਖ਼ਰੀਦ ਉਤੇ ਸਿਰਫ਼ 88 ਕਰੋੜ ਦਾ ਖ਼ਰਚਾ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਲ 2017 ਵਿਚ ਬਣੀ ਕਾਂਗਰਸ ਸਰਕਾਰ ਵਲੋਂ ਹੁਣ ਤਕ ਸਾਜੋ ਸਮਾਨ ਉੱਤੇ ਸਿਰਫ 520 ਕਰੋੜ ਰੁਪਏ ਦਾ ਹੀ ਖ਼ਰਚ ਕੀਤਾ ਗਿਆ ਹੈ। ਉਨ੍ਹਾਂ ਸੁਖਬੀਰ ਸਿੰਘ ਬਾਦਲ ਤੋਂ ਪੁੱਛਦਿਆ ਕਿ 520 ਕਰੋੜ ਰੁਪਏ ਦੇ ਖ਼ਰਚੇ ਵਿਚੋਂ 1000 ਕਰੋੜ ਰੁਪਏ ਦਾ ਘਪਲਾ ਕਿਵੇਂ ਸੰਭਵ ਹੈ, ਕਿਹਾ ਕਿ ਇਹ ਸੁਖਬੀਰ ਨੇ ਆਪਣੇ ਸੁਭਾਅ ਮੁਤਾਬਕ ਗੱਪ ਮਾਰਦਿਆਂ ਹਵਾ ਵਿਚ ਡਾਂਗਾ ਚਲਾ ਦਿਤੀਆਂ।
Sukhjinder Randhawa
ਸ. ਰੰਧਾਵਾ ਨੇ ਕਿਹਾ ਕਿ ਸੁਖਬੀਰ ਆਪਣੀਆਂ ਸਿਆਸੀ ਇੱਛਾਵਾਂ ਖਾਤਰ ਗ਼ਰੀਬ ਲੋਕਾਂ ਦੀ ਰੋਜ਼ੀ ਰੋਟੀ ਉਤੇ ਲੱਤ ਮਾਰਨ ਦੀ ਕੋਝੀ ਕੋਸ਼ਿਸ਼ ਕੀਤੀ ਹੈ। ਇਸ ਸਕੀਮ ਅਧੀਨ ਇਸ ਵੇਲੇ ਪੰਜਾਬ ਵਿਚ ਤਕਰੀਬਨ ਦੋ ਲੱਖ ਤੀਹ ਹਜ਼ਾਰ ਵਰਕਰ ਕੰਮ ਕਰ ਰਹੇ ਹਨ, ਜਦੋਂ ਕਿ ਪੰਜਾਬ ਵਿਚ ਲੌਕਡਾਊਨ ਲੱਗਣ ਸਮੇਂ ਇਹ ਗਿਣਤੀ ਸਿਰਫ਼ 60,000 ਸੀ। ਕਰੋਨਾ ਮਹਾਂਮਾਰੀ ਦੇ ਦੌਰ ਦੇ ਇਸ ਸਾਲ ਵਿਚ 114 ਲੱਖ ਮਨੁੱਖੀ ਦਿਹਾੜੀਆਂ ਪੈਦਾ ਕਰਕੇ ਗਰੀਬ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਹੈ। ਸੁਖਬੀਰ ਆਪਣੇ ਤੱਥ ਰਹਿਤ ਬਿਆਨਾਂ ਨਾਲ ਇਸ ਸਕੀਮ ਨੂੰ ਬੰਦ ਕਰਵਾਉਣ ਉਤੇ ਉਤਾਰੂ ਹਨ।
Sukhjinder Randhawa
ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਝੂਠੇ ਬਿਆਨ ਦੇਣ ਦੀ ਥਾਂ ਤੱਥਾਂ ਸਮੇਤ ਅੰਕੜੇ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਉਸ ਦੇ ਡੇਰਾ ਬਾਬਾ ਨਾਨਕ ਹਲਕੇ ਦਾ ਕੋਈ ਵੀ ਇਕ ਪਿੰਡ ਚੁਣ ਲਵੇ ਅਤੇ ਇਕ ਪੈਸੇ ਦੀ ਬੇਨਿਯਾਮੀ ਸਿੱਧ ਕਰ ਕੇ ਦਿਖਾਵੇ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਅਕਾਲੀ ਦਲ ਪ੍ਰਧਾਨ ਤੋਂ ਮੁੱਦੇ ਤਾਂ ਬਹੁਤ ਚੁੱਕੇ ਹਨ ਪਰ ਅੰਕੜੇ ਕਿਸੇ ਦੇ ਵੀ ਸਹੀ ਨਹੀਂ ਪੇਸ਼ ਕਰ ਸਕਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।