
ਸੋਨੀਆ ਵਲੋਂ ਪ੍ਰਧਾਨ ਦਾ ਅਹੁਦਾ ਛੱਡਣ ਦੀ ਪੇਸ਼ਕਸ਼
ਕਾਰਜਕਾਰਣੀ ਨੇ ਪਾਰਟੀ ਦਾ ਇਜਲਾਸ ਬੁਲਾਉਣ ਤਕ ਸੋਨੀਆ ਨੂੰ ਅਹੁਦੇ 'ਤੇ ਰਹਿਣ ਲਈ ਆਖਿਆ
ਨਵੀਂ ਦਿੱਲੀ, 24 ਅਗੱਸਤ : ਕਾਂਗਰਸ ਦੀ ਅੰਤਰਮ ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸ ਕਾਰਜਕਾਰਣੀ (ਵਰਕਿੰਗ ਕਮੇਟੀ) ਦੀ ਬੈਠਕ ਵਿਚ ਅਹੁਦਾ ਛੱਡਣ ਦੀ ਪੇਸ਼ਕਸ਼ ਕਰਦਿਆਂ ਕਿਹਾ ਕਿ ਕਾਰਜਕਾਰਣੀ ਨਵਾਂ ਪ੍ਰਧਾਨ ਚੁਣਨ ਲਈ ਕਵਾਇਦ ਸ਼ੁਰੂ ਕਰੇ। ਸੂਤਰਾਂ ਮੁਤਾਬਕ ਕਾਰਜਕਾਰਣੀ ਦੀ ਸੋਮਵਾਰ ਨੂੰ ਬੈਠਕ ਸ਼ੁਰੂ ਹੋਣ ਮਗਰੋਂ ਸੋਨੀਆ ਨੇ ਕਿਹਾ ਕਿ ਉਹ ਅੰਤਰਮ ਪ੍ਰਧਾਨ ਦਾ ਅਹੁਦਾ ਛਡਣਾ ਚਾਹੁੰਦੀ ਹੈ ਅਤੇ ਉਸ ਨੇ ਪਾਰਟੀ ਸਕੱਤਰ ਕੇ ਸੀ ਵੇਣੂਗੋਪਾਲ ਨੂੰ ਵਿਸਤ੍ਰਿਤ ਜਵਾਬ ਭੇਜਿਆ ਹੈ।
ਇਸ ਦੌਰਾਨ ਕਾਰਜਕਾਰਣੀ ਨੇ ਮੈਰਾਥਾਨ ਬੈਠਕ ਮਗਰੋਂ ਸੋਨੀਆ ਗਾਂਧੀ ਨੂੰ ਬੇਨਤੀ ਕੀਤੀ ਕਿ ਪਾਰਟੀ ਵਿਚ ਬਦਲਾਅ ਅਤੇ ਮਜ਼ਬੂਤੀ ਲਈ ਅੰਤਰਮ ਪ੍ਰਧਾਨ ਦੀ ਭੂਮਿਕਾ ਨਿਭਾਉਂਦੇ ਰਹਿਣ। ਸੂਤਰਾਂ ਮੁਤਾਬਕ ਕਾਰਜਕਾਰਣੀ ਨੇ ਇਹ ਫ਼ੈਸਲਾ ਵੀ ਕੀਤਾ ਕਿ ਨਵੇਂ ਪ੍ਰਧਾਨ ਦੀ ਚੋਣ ਦੀ ਕਵਾਇਦ ਸ਼ੁਰੂ ਕਰਨ ਲਈ ਛੇਤੀ ਹੀ ਆਲ ਇੰਡੀਆ ਕਾਂਗਰਸ ਕਮੇਟੀ ਦਾ ਇਜਲਾਸ ਬੁਲਾਇਆ ਜਾਵੇਗਾ। ਲਗਭਗ ਸੱਤ ਘੰਟਿਆਂ ਤਕ ਚੱਲੀ ਬੈਠਕ ਮਗਰੋਂ ਸੂਤਰਾਂ ਨੇ ਇਹ ਵੀ ਕਿਹਾ ਕਿ ਕਾਰਜਕਾਰਣੀ ਦੇ ਸਾਰੇ ਮੈਂਬਰਾਂ ਨੇ ਸੋਨੀਆ ਦੀ ਅਗਵਾਈ ਵਿਚ ਭਰੋਸਾ ਪ੍ਰਗਟ ਕੀਤਾ ਅਤੇ ਕਿਹਾ ਕਿ ਨਵਾਂ ਪ੍ਰਧਾਨ ਚੁਣੇ ਜਾਣ ਤਕ ਉਹ ਅੰਤਰਮ ਪ੍ਰਧਾਨ ਬਣੇ ਰਹਿਣ।
ਸੋਨੀਆ ਦੀ ਤਜਵੀਜ਼ ਮਗਰੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕੁੱਝ ਹੋਰ ਆਗੂਆਂ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਅਹੁਦੇ 'ਤੇ ਕਾਇਮ ਰਹਿਣ। ਸੂਤਰਾਂ ਦਾ ਕਹਿਣਾ ਹੈ ਕਿ ਸੋਨੀਆ ਗਾਂਧੀ ਨੇ ਗ਼ੁਲਾਮ ਨਬੀ ਆਜ਼ਾਦ ਅਤੇ ਚਿੱਠੀ ਲਿਖਣ ਵਾਲੇ ਕੁੱਝ ਆਗੂਆਂ ਅਤੇ ਉਨ੍ਹਾਂ ਦੁਆਰਾ ਚੁੱਕੇ ਗਏ ਮੁੱਦਿਆਂ ਦਾ ਹਵਾਲਾ ਦਿਤਾ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਪਾਰਟੀ ਵਿਚ ਵੱਡੇ ਬਦਲਾਅ ਦੇ ਮੁੱਦੇ 'ਤੇ ਸੋਨੀਆ ਗਾਂਧੀ ਨੂੰ ਚਿੱਠੀ ਲਿਖਣ ਵਾਲੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਜਦ ਪਾਰਟੀ ਰਾਜਸਥਾਨ
ਅਤੇ ਮੱਧ ਪ੍ਰਦੇਸ਼ ਵਿਚ ਵਿਰੋਧੀ ਤਾਕਤਾਂ ਨਾਲ ਲੜ ਰਹੀ ਸੀ ਅਤੇ ਸੋਨੀਆ ਗਾਂਧੀ ਦੀ ਸਿਹਤ ਠੀਕ ਨਹੀਂ ਸੀ ਤਾਂ ਉਸ ਸਮੇਂ ਅਜਿਹਾ ਪੱਤਰ ਕਿਉਂ ਲਿਖਿਆ ਗਿਆ? ਪ੍ਰਧਾਨਗੀ ਦੇ ਮੁੱਦੇ 'ਤੇ ਕਾਂਗਰਸ ਦੇ ਦੋ ਧੜਿਆਂ ਵਿਚ ਨਜ਼ਰ ਆਉਣ ਦੀ ਸਥਿਤੀ ਬਣਨ ਮਗਰੋਂ ਪਾਰਟੀ ਦੀ ਨੀਤੀ ਬਣਾਉਣ ਵਾਲੀ ਸੱਭ ਤੋਂ ਵੱਡੀ ਕਮੇਟੀ ਦੀ ਬੈਠਕ ਵੀਡੀਉ ਕਾਨਫ਼ਰੰਸ ਜ਼ਰੀਏ ਹੋਈ। ਇਸ ਬੈਠਕ ਤੋਂ ਇimageਕ ਦਿਨ ਪਹਿਲਾਂ ਐਤਵਾਰ ਨੂੰ ਪਾਰਟੀ ਅੰਦਰ ਉਸ ਵੇਲੇ ਸਿਆਸੀ ਤੂਫ਼ਾਨ ਆ ਗਿਆ ਸੀ ਜਦ ਕੁਲਵਕਤੀ ਅਤੇ ਜ਼ਮੀਨੀ ਪੱਧਰ 'ਤੇ ਸਰਗਰਮ ਪ੍ਰਧਾਨ ਬਣਾਉਣ ਅਤੇ ਪਾਰਟੀ ਵਿਚ ਉਪਰ ਤੋਂ ਲੈ ਕੇ ਹੇਠਾਂ ਤਕ ਤਬਦੀਲੀ ਦੀ ਮੰਗ ਸਬੰਧੀ ਸੋਨੀਆ ਗਾਂਧੀ ਨੂੰ 23 ਸੀਨੀਅਰ ਆਗੂਆਂ ਦੁਆਰਾ ਚਿੱਠੀ ਲਿਖੇ ਜਾਣ ਦੀ ਗੱਲ ਸਾਹਮਣੇ ਆਈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਣੇ ਕੁੱਝ ਹੋਰ ਸਾਬਕਾ ਮੁੱਖ ਮੰਤਰੀਆਂ ਨੇ ਇਸ ਗੱਲ 'ਤੇ ਜ਼ੋਰ ਦਿਤਾ ਕਿ ਗਾਂਧੀ ਪਰਵਾਰ ਹੀ ਪਾਰਟੀ ਨੂੰ ਇਕਜੁਟ ਰੱਖ ਸਕਦਾ ਹੈ। (ਏਜੰਸੀ)