
ਲੜਾਈ ਦੌਰਾਨ ਬਚਾਅ ਕਰਨ ਆਈ ਔਰਤ ਉਤੇ ਚੜ੍ਹਾਈ ਕਾਰ, ਮੌਤ
ਲੁਧਿਆਣਾ, 23 ਅਗੱਸਤ (ਪਪ): ਸ਼ਹਿਰ ਦੇ ਗੁਰੂ ਨਾਨਕ ਨਗਰ ਵਿਚ ਦਰਜਨ ਤੋਂ ਵੀ ਜ਼ਿਆਦਾ ਹਥਿਆਰਬੰਦ ਨੌਜਵਾਨਾਂ ਨੇ ਇਕ ਘਰ ਵਿਚ ਵੜ ਕੇ ਸਾਬਕਾ ਫ਼ੌਜੀ ਉਤੇ ਹਮਲਾ ਕਰ ਦਿਤਾ। ਇਸ ਦੌਰਾਨ ਬਚਾਅ ਕਰਨ ਆਈ ਔਰਤ ਉਤੇ ਹਮਲਾਵਰਾਂ ਨੇ ਗੱਡੀ ਚੜ੍ਹਾ ਦਿਤੀ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਈ ਤੇ ਉਸ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਅਪਰਾਧਕ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਤੋਂ ਇਲਾਵਾ ਚਾਰ ਹੋਰ ਲੋਕਾਂ ਐਸਪੀਐਸ ਹਸਪਤਾਲ ਵਿਚ ਦਾਖ਼ਲ ਕਰਵਾਏ ਗਏ ਹਨ। ਜਾਣਕਾਰੀ ਮੁਤਾਬਕ ਗੁਰੂ ਨਾਨਕ ਨਗਰ ਨਿਵਾਸੀ ਟਰਾਂਸਪੋਰਟ ਦਾ ਕੰਮ ਕਰਦਿਆਂ ਸੀਐਸ ਤਲਵਾਰ ਦੇ ਪੁੱਤਰ ਦਾ ਕੁੱਝ ਸਮੇਂ ਪਹਿਲਾਂ ਕੁੱਝ ਨੌਜਵਾਨਾਂ ਨਾਲ ਝਗੜਾ ਹੋਇਆ ਸੀ ਤੇ ਉਸ ਦਾ ਪੰਚਾਇਤੀ ਤੌਰ ਉਤੇ ਰਾਜ਼ੀਨਾਮਾ ਵੀ ਹੋ ਗਿਆ ਸੀ। ਸਨਿਚਰਵਾਰ ਦੇਰ ਰਾਤ ਦੋ ਗੱਡੀਆਂ ਵਿਚ ਸਵਾਰ ਹੋ ਕੇ ਕੁੱਝ ਲੋਕ ਆਏ ਅਤੇ ਤਲਵਾਰ ਸਿੰਘ ਨੂੰ ਬਾਹਰ ਬੁਲਾ ਕੇ ਉਸ ਉਤੇ ਹਮਲਾ ਕਰ ਦਿਤਾ। ਇਸ ਦੌਰਾਨ ਸਾਬਕਾ ਫ਼ੌਜੀ ਉਤੇ ਉਸ ਦੇ ਮੁੰਡੇ ਜ਼ਖ਼ਮੀ ਹੋ ਗਏ। ਮੁਹੱਲੇ ਦੇ ਲੋਕ ਇੱਕਠੇ ਹੋਣ ਲੱਗੇ ਤਾਂ ਹਮਲਾਵਰ ਗੱਡੀਆਂ ਵਿਚ ਸਵਾਰ ਹੋ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗੇ। ਤਲਵਾਰ ਦੇ ਘਰ ਰਹਿਣ ਵਾਲੇ ਕਿਰਾਏਦਾਰ ਵੀ ਉੱਥੇ ਆ ਗਏ ਤੇ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਿਰਾਏਦਾਰ ਨਿਸ਼ਾ ਗੱਡੀ ਦੇ ਸਾਹਮਣੇ ਆ ਗਈ ਤੇ ਚਾਲਕ ਨੇ ਗੱਡੀ ਉਸ ਉਤੇ ਚੜ੍ਹਾ ਦਿਤੀ। ਅੱਗੇ ਗਲੀ ਬੰਦ ਹੋਣ ਕਾਰਨ ਹਮਲਾਵਰ ਗੱਡੀ ਉੱਥੇ ਖੜ੍ਹੀ ਕਰ ਕੇ ਕੰਧ ਟੱਪ ਕੇ ਫ਼ਰਾਰ ਹੋ ਗਏ।
image