ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ ਸੀ ਮ੍ਰਿਤਕ ਕਿਸਾਨ
ਮਾਨਸਾ : ਕਿਸਾਨਾਂ ਦੀ ਜੂਨ ਬੁਰੀ ਹੈ ਤੇ ਕਿਸਾਨਾਂ ਦੇ ਨਾਮ 'ਤੇ ਹੀ ਸਿਆਸਤ ਹੋ ਰਹੀ ਹੈ, ਪਰ ਹਾਲਾਤ ਇਹ ਹਨ ਕਿ ਆਖ਼ਰ ਕਿਹੜੀ ਸਰਕਾਰ ਕਿਸਾਨਾਂ ਦੀ ਬਾਂਹ ਫੜੇਗੀ। ਕਰਜ਼ੇ ਦੀ ਮਾਰ ਹੇਠ ਦੱਬੇ ਕਿਸਾਨ ਹਰ ਰੋਜ਼ ਖੁਦਕੁਸ਼ੀਆਂ ਕਰ ਰਹੇ ਹਨ। ਇਸੇ ਕੜੀ ਵਿਚ ਅੱਜ ਪਿੰਡ ਖਿਆਲਾ ਕਲਾਂ ਦੇ ਕਿਸਾਨ ਨੇ ਕਰਜ਼ੇ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਹੈ।
ਮ੍ਰਿਤਕ ਕਿਸਾਨ ਦੀ ਪਹਿਚਾਣ ਕਿਸਾਨ ਜਰਨੈਲ ਸਿੰਘ (47) ਪੁੱਤਰ ਭਾਨ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਫ਼ਸਲਾਂ ਦੀ ਬਰਬਾਦੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਵਾਲਾ ਜਰਨੈਲ ਸਿੰਘ ਆਪਣੇ ਪਿੱਛੇ ਪਤਨੀ , ਦੋ ਬੱਚੇ ਮੁੰਡਾ ਅਤੇ ਕੁੜੀ ਛੱਡ ਗਿਆ।
ਮ੍ਰਿਤਕ ਜਰਨੈਲ ਸਿੰਘ ਦੇ ਚਚੇਰੇ ਭਰਾ ਨੇ ਦੱਸਿਆ ਕਿ ਸਾਉਣੀ ਫ਼ਸਲਾਂ ਦੇ ਖਰਾਬ, ਪਸ਼ੂਆਂ ਦੀ ਬੀਮਾਰੀ ਤੇ ਕਰਜ਼ੇ ਦੇ ਬੋਝ ਕਾਰਨ ਜਰਨੈਲ ਸਿੰਘ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ। ਉਨ੍ਹਾਂ ਦੱਸਿਆ ਕਿ ਜਰਨੈਲ ਸਿੰਘ ਕੋਲ ਡੇਢ ਏਕੜ ਆਪਣੀ ਜ਼ਮੀਨ ਸੀ ਅਤੇ ਉਸਨੇ ਤਿੰਨ ਏਕੜ ਪੈਲੀ ਠੇਕੇ ’ਤੇ ਲਈ ਹੋਈ ਸੀ। ਤੇਲੇ ਤੇ ਚਿੱਟੇ ਮੱਛਰ ਕਾਰਨ ਉਸਨੂੰ ਨਰਮੇ ਦੀ ਫ਼ਸਲ ਵਹੁਣੀ ਪਈ, ਜਿਸ ਕਰ ਕੇ ਕਰਜ਼ੇ ਦਾ ਬੋਝ ਹੋਰ ਵੱਧ ਗਿਆ। ਮ੍ਰਿਤਕ ਕਿਸਾਨ ਸਿਰ ਕਰੀਬ 7 ਲੱਖ ਦਾ ਕਰਜ਼ਾ ਸੀ। ਕਰਜ਼ੇ ਦੇ ਦੈਂਤ ਤੋਂ ਦੁਖੀ ਹੋ ਕਿ ਕਿਸਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।