
35 ਸਾਲਾ ਸੁੰਦਰ ਸਿੰਘ ਵਜੋਂ ਹੋਈ ਪਛਾਣ
ਭੁਲੱਥ: ਇਥੋਂ ਦੇ ਨੇੜਲੇ ਪਿੰਡ ਬਾਗਵਾਨਪੁਰ ਵਿਖੇ ਇਕ ਵਿਅਕਤੀ ਸੁੰਦਰ ਸਿੰਘ ਉਰਫ ਜੱਗੂ ਦੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਗਈ। ਪ੍ਰਵਾਰ ਵਲੋਂ ਦਿਤੀ ਜਾਣਕਾਰੀ ਅਨੁਸਾਰ ਸੁੰਦਰ ਸਿੰਘ ਉਰਫ ਜੱਗੂ ਅਤੇ ਉਸ ਦਾ ਸਾਥੀ ਕੁਲਵਿੰਦਰ ਸਿੰਘ ਪੁੱਤਰ ਦਿਆਲ ਸਿੰਘ ਜੋ ਕਿ ਕਥਿਤ ਤੌਰ ਤੇ ਪਿੰਡ ਸਿੱਧਵਾਂ ਰੋਡ 'ਤੇ ਇਕ ਮੋਟਰ 'ਤੇ ਨਸ਼ੇ ਦੇ ਟੀਕੇ ਲਗਾ ਰਹੇ ਸਨ।
ਇਹ ਵੀ ਪੜ੍ਹੋ: ਟੈਂਡਰ ਘੁਟਾਲਾ ਮਾਮਲਾ: ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ED ਦੀ ਛਾਪੇਮਾਰੀ
ਇਸ ਮੌਕੇ ਸੁੰਦਰ ਸਿੰਘ ਨਸ਼ੇ ਦੀ ਓਵਰਡੋਜ਼ ਲੈਣ ਕਰਕੇ ਬੇਹੋਸ਼ ਹੋ ਗਿਆ ਅਤੇ ਉਸ ਦਾ ਸਾਥੀ ਕੁਲਵਿੰਦਰ ਸਿੰਘ ਫ਼ਰਾਰ ਹੋ ਗਿਆ। ਜਦੋਂ ਰਸਤੇ 'ਚ ਜਾ ਰਹੇ ਕਿਸੇ ਵਿਅਕਤੀ ਨੇ ਸੁੰਦਰ ਸਿੰਘ ਨੂੰ ਮੋਟਰ 'ਤੇ ਬੇਹੋਸ਼ੀ ਦੀ ਹਾਲਤ 'ਚ ਦੇਖਿਆ ਤਾਂ ਉਸ ਦੇ ਘਰ ਵਾਲਿਆਂ ਨੂੰ ਸੂਚਿਤ ਕੀਤਾ। ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਸਿਵਲ ਹਸਪਤਾਲ ਭੁਲੱਥ ਵਿਖੇ ਲਿਆਂਦਾ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।
ਇਹ ਵੀ ਪੜ੍ਹੋ: ਫਿਰੋਜ਼ਪੁਰ ਬਾਰਡਰ ਨੇੜੇ ਦੇਰ ਰਾਤ ਮਿਲਿਆ ਪਾਕਿਸਤਾਨੀ ਡਰੋਨ; 21 ਕਰੋੜ ਰੁਪਏ ਦੀ ਹੈਰੋਇਨ ਵੀ ਬਰਾਮਦ
ਮ੍ਰਿਤਕ ਦੇ ਪਿਤਾ ਨੇ ਦਸਿਆ ਪਿੰਡ ਦਾ ਇਕ ਨੌਜਵਾਨ ਸੱਤਾ ਹੀ ਉਨ੍ਹਾਂ ਦੇ ਲੜਕੇ ਨੂੰ ਨਸ਼ਾ ਲਿਆ ਕੇ ਦਿੰਦਾ ਸੀ। ਉਨ੍ਹਾਂ ਦਸਿਆ ਕਿ ਪਿੰਡ ਵਿਚ ਹੁਣ ਤਕ ਕਈ ਨੌਜਵਾਨਾਂ ਦੀ ਨਸ਼ਿਆਂ ਕਾਰਨ ਮੌਤ ਹੋ ਚੁਕੀ ਹੈ। ਪ੍ਰਸ਼ਾਸਨ ਵਲੋਂ ਉਸ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਸਬੰਧੀ ਥਾਣਾ ਭੁਲੱਥ ਦੇ ਐਸ.ਐਚ.ਓ. ਗੌਰਵ ਧੀਰ ਨੇ ਦਸਿਆ ਕਿ ਪੋਸਟਮਾਰਟਮ ਦੀ ਰੀਪੋਰਟ ਆਉਣ 'ਤੇ ਮੌਤ ਦੇ ਕਾਰਨ ਦਾ ਪਤਾ ਲੱਗ ਸਕੇਗਾ।