
ਹਰਜਿੰਦਰ ਸਿੰਘ ਦੇ ਰਿਸ਼ਤੇਦਾਰ ਨੇ ਸਪੋਕਸਮੈਨ ਨੂੰ ਦਿੱਤੀ ਇੰਟਰਵਿਊ ਦੌਰਾਨ ਕੀਤਾ ਖੁਲਾਸਾ
ਅਮਰੀਕਾ ਦੇ ਫਲੋਰੀਡ ’ਚ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਵੱਲੋਂ ਅਚਾਨਕ ਯੂ-ਟਰਨ ਲੈਣ ਕਾਰਨ ਇਕ ਸੜਕ ਹਾਦਸਾ ਵਾਪਰ ਗਿਆ ਸੀ। ਇਸ ਹਾਦਸੇ ਦੌਰਾਨ ਮਿੰਨੀ ਵੈਨ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਹਰਜਿੰਦਰ ਸਿੰਘ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਅਤੇ ਉਸ ’ਤੇ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ। ਹਰਜਿੰਦਰ ਸਿੰਘ 2018 ’ਚ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਗਿਆ ਸੀ ਅਤੇ 2023 ’ਚ ਕੈਲੀਫੋਰਨੀਆ ਸਟੇਟ ਵੱਲੋਂ ਉਸ ਨੂੰ ਲਾਇੰਸਸ ਜਾਰੀ ਕੀਤਾ ਗਿਆ ਸੀ। ਜਦਕਿ ਪੰਜਾਬੀ ਭਾਈਚਾਰੇ ਵੱਲੋਂ ਹਰਜਿੰਦਰ ਸਿੰਘ ਦੀ ਡਰਾਈਵਰੀ ’ਤੇ ਸਵਾਲ ਚੁੱਕੇ ਜਾ ਰਹੇ ਹਨ। ਗੱਲਬਾਤ ਦੌਰਾਨ ਹਰਜਿੰਦਰ ਸਿੰਘ ਦੇ ਰਿਸ਼ਤੇਦਾਰ ਨੇ ਖੁਲਾਸਾ ਕੀਤਾ ਕਿ ਹਰਜਿੰਦਰ ਸਿੰਘ ਕੋਲ ਕੋਈ ਜਾਅਲੀ ਲਾਇੰਸਸ ਨਹੀਂ ਹੈ ਬਲਕਿ ਉਸ ਕੋਲ ਕੈਲੀਫੋਰਲੀਆ ਸਟੇਟ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਲਾਇਸੰਸ ਹੈ। ਉਨ੍ਹਾਂ ਕਿਹਾ ਕਿ ਹਰਜਿੰਦਰ ਸਿੰਘ ਵੱਲੋਂ ਇਹ ਹਾਦਸਾ ਜਾਣਬੁੱਝ ਨਹੀਂ ਕੀਤਾ ਗਿਆ। ਬਲਕਿ ਇਹ ਹਾਦਸਾ ਇਕ ਇਤਫਾਕ ਹੈ। ਕਿਉਂਕਿ ਇਸ ਹਾਦਸੇ ਤੋਂ ਬਾਅਦ ਹਰਜਿੰਦਰ ਸਿੰਘ ਦਾ ਕੈਰੀਅਰ ਵੀ ਦਾਅ ’ਤੇ ਲੱਗਿਆ ਹੋਇਆ ਹੈ। ਹਰਜਿੰਦਰ ਦੇ ਪਿਤਾ ਦੀ ਸਾਲ 2021 ’ਚ ਮੌਤ ਹੋ ਗਈ ਸੀ ਅਤੇ ਇਸ ਹਾਦਸੇ ਤੋਂ ਬਾਅਦ ਉਨ੍ਹਾਂ ਦੀ ਮਾਤਾ ਦੀ ਹਾਲਤ ਵੀ ਠੀਕ ਨਹੀਂ ਹੈ।
ਗੱਲਬਾਤ ਦੌਰਾਨ ਜਦੋਂ ਹਰਜਿੰਦਰ ਦੇ ਰਿਸ਼ਤੇਦਾਰ ਕੋਲੋਂ ਪੁੱਛਿਆ ਗਿਆ ਕਿ ਹਰਜਿੰਦਰ ਸਿੰਘ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਹਰਨੀਤ ਸਿੰਘ ਕੀ ਉਸ ਦਾ ਭਰਾ ਹੈ, ਤਾਂ ਉਨ੍ਹਾਂ ਦੱਸਿਆ ਕਿ ਹਰਨੀਤ ਦੁਆਬੇ ਦਾ ਰਹਿਣ ਵਾਲਾ ਹੈ ਅਤੇ ਉਹ ਹਰਜਿੰਦਰ ਸਿੰਘ ਦਾ ਭਰਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਉਸ ਤੋਂ 15 ਮਿੰਟ ਬਾਅਦ ਹਰਨੀਤ ਦੀ ਸ਼ਿਫਟ ਸ਼ੁਰੂ ਹੋਣੀ ਸੀ ਪਰ ਉਸ ਤੋਂ ਪਹਿਲਾਂ ਇਹ ਹਾਦਸਾ ਵਾਪਰ ਗਿਆ। ਹਰਨੀਤ ਸਿੰਘ ’ਤੇ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ।
ਉਨ੍ਹਾਂ ਦੱਸਿਆ ਕਿ ਹਰਜਿੰਦਰ ਸਿੰਘ ਦੇ ਹੱਕ ਵਿਚ ਬਹੁਤ ਸੰਸਥਾਵਾਂ ਉਤਰ ਆਈਆਂ ਹਨ ਅਤੇ ਉਨ੍ਹਾਂ ਵੱਲੋਂ ਹਰਜਿੰਦਰ ਸਿੰਘ ਦੀ ਡਟ ਕੇ ਮਦਦ ਕੀਤੀ ਜਾ ਰਹੀ ਹੈ। ਹਰਜਿੰਦਰ ਸਿੰਘ ਮਾਮਲੇ ਦੀ ਅਗਲੀ ਸੁਣਵਾਈ ਆਉਂਦੀ 27 ਅਗਸਤ ਨੂੰ ਹੋਵੇਗੀ। ਉਨ੍ਹਾਂ ਹਰਜਿੰਦਰ ਸਿੰਘ ਨੂੰ ਅਦਾਲਤ ਵਿਚ ਨੰਗੇ ਸਿਰ ਪੇਸ਼ ਕਰਨ ’ਤੇ ਇਤਰਾਜ਼ ਪ੍ਰਗਟਾਇਆ ਅਤੇ ਉਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਵਿਦੇਸ਼ਾਂ ’ਚ ਟਰੱਕ ਡਰਾਈਵਰੀ ਕਰਨ ਵਾਲੇ ਡਰਾਈਵਰਾਂ ਦੇ ਮਨਾਂ ’ਚ ਕਾਫ਼ੀ ਜ਼ਿਆਦਾ ਖੌਫ ਹੈ। ਹਰਜਿੰਦਰ ਸਿੰਘ ਦੇ ਰਿਸ਼ਤੇਦਾਰ ਨੇ ਇਹ ਵੀ ਖੁਲਾਸਾ ਕੀਤਾ ਕਿ ਹਰਜਿੰਦਰ ਜਾਂ ਉਸ ਦੇ ਪਰਿਵਾਰ ਵੱਲੋਂ ਮਦਦ ਲਈ ਕੋਈ ਅਕਾਊਂਟ ਨਹੀਂ ਬਣਾਇਆ ਗਿਆ। ਜੇਕਰ ਕਿਸੇ ਵੱਲੋਂ ਫਰਜ਼ੀ ਅਕਾਊਂਟ ਬਣਾ ਕੇ ਮਦਦ ਦੀ ਗੁਹਾਰ ਲਗਾਈ ਜਾਂਦੀ ਹੈ ਤਾਂ ਅਜਿਹੇ ਫਰਜ਼ੀ ਅਕਾਊਂਟਸ ’ਤੇ ਫੰਡਿੰਗ ਨਾ ਕੀਤੀ ਜਾਵੇ।
ਉਨ੍ਹਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਹਰਜਿੰਦਰ ਸਿੰਘ ਸਬੰਧੀ ਕੋਈ ਅਧਿਕਾਰਤ ਤੌਰ ’ਤੇ ਬਿਆਨ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਨੌਜਵਾਨਾਂ ਨੂੰ ਇਥੇ ਹੀ ਰੁਜ਼ਗਾਰ ਮਿਲ ਜਾਣ ਤਾਂ ਉਹ ਵਿਦੇਸ਼ਾਂ ’ਚ ਜਾ ਧੱਕੇ ਕਿਉਂ ਖਾਣ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਫਿਲਹਾਲ ਹਰਜਿੰਦਰ ਸਿੰਘ ਨੂੰ ਕੋਈ ਸਜ਼ਾ ਨਹੀਂ ਸੁਣਵਾਈ ਗਈ, ਜਦਕਿ ਸ਼ੋਸ਼ਲ ਮੀਡੀਆ ’ਤੇ ਹਰਜਿੰਦਰ ਸਿੰਘ ਨੂੰ ਲੰਬੀ ਸਜ਼ਾ ਸੁਣਾਏ ਜਾਣ ਦੀਆਂ ਝੂਠੀਆਂ ਖ਼ਬਰਾਂ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਅਮਰੀਕਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਹਰਜਿੰਦਰ ਸਿੰਘ ਨੂੰ ਘੱਟ ਤੋਂ ਘੱਟ ਸਜ਼ਾ ਸੁਣਾਈ ਜਾਵੇ ਜਾਂ ਫਿਰ ਉਸ ਨੂੰ ਡਿਪੋਰਟ ਕਰਕੇ ਸਹੀ ਸਲਾਮਤ ਭਾਰਤ ਭੇਜ ਦਿੱਤਾ ਜਾਵੇੇ। ਹਰਜਿੰਦਰ ਸਿੰਘ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਜਿੰਨਾ ਦੁੱਖ ਸਾਨੂੰ ਹਰਜਿੰਦਰ ਸਿੰਘ ਦੀ ਸਥਿਤੀ ’ਤੇ ਹੈ ਉਸ ਤੋਂ ਜ਼ਿਆਦਾ ਦੁੱਖ ਸਾਨੂੰ ਹਾਦਸੇ ’ਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨਾਲ ਹੈ।