
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਕੋਲੋਂ ਉਹਨਾਂ ਕਿਸਾਨਾਂ ਲਈ ਵੱਡੀ ਰਾਹਤ ਦੀ ਮੰਗ ਕੀਤੀ ਹੈ,
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਕੋਲੋਂ ਉਹਨਾਂ ਕਿਸਾਨਾਂ ਲਈ ਵੱਡੀ ਰਾਹਤ ਦੀ ਮੰਗ ਕੀਤੀ ਹੈ, ਜਿਹਨਾਂ ਦੀਆਂ ਫਸਲਾਂ ਭਾਰੀ ਬਾਰਿਸ਼ਾਂ ਕਰਕੇ ਨੁਕਸਾਨੀਆਂ ਗਈਆਂ ਹਨ। ਪਾਰਟੀ ਨੇ ਕਿਹਾ ਹੈ ਕਿ ਸੰਕਟ ਦੀ ਇਸ ਘੜੀ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਮੰਤਰੀ ਕਿੱਥੇ ਗਾਇਬ ਹਨ? ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਰਦਾਰ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਕਿੰਨੇ ਦੁਖ ਦੀ ਗੱਲ ਹੈ ਕਿ ਉਹਨਾਂ ਲਾਚਾਰ ਕਿਸਾਨਾਂ ਦੀ ਮੱਦਦ ਵਾਸਤੇ ਕਾਂਗਰਸ ਸਰਕਾਰ ਵੱਲੋਂ ਕਿਸੇ ਰਾਹਤ ਦਾ ਐਲਾਨ ਨਹੀਂ ਕੀਤਾ ਗਿਆ ਹੈ,
ਜਿਹਨਾਂ ਦੀ ਝੋਨੇ ਅਤੇ ਨਰਮੇ ਦੀ ਫਸਲ ਬਾਰਿਸ਼ਾਂ ਨਾਲ ਤਬਾਹ ਹੋ ਕਰਕੇ ਉਹ ਇੱਕ ਅਣਕਿਆਸੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਕਿਹਾ ਕਿ ਅਸੀ ਨਰਮੇ ਅਤੇ ਝੋਨੇ ਦੀਆਂ ਫਸਲਾਂ ਦੇ ਨੁਕਸਾਨ ਲਈ 15 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਆਲੂਆਂ ਤੇ ਸਬਜ਼ੀਆਂ ਦੇ ਨੁਕਸਾਨ ਲਈ 20 ਹਜ਼ਾਰ ਰੁਪਏ ਪ੍ਰਤੀ ਏਕੜ ਰਾਹਤ ਦੀ ਮੰਗ ਕਰਦੇ ਹਾਂ। ਇਹ ਸਿਰਫ ਇੱਕ ਵਕਤੀ ਰਾਹਤ ਹੈ। ਇਸ ਸੰਬੰਧੀ ਵੱਡੀ ਰਾਹਤ ਦਾ ਐਲਾਨ ਨੁਕਸਾਨ ਦਾ ਜਾਇਜ਼ਾ ਲੈਣ ਮਗਰੋਂ ਕੀਤਾ ਜਾ ਸਕਦਾ ਹੈ।
ਕਿਸਾਨ ਵਿੰਗ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ ਕਿ ਕਿਸਾਨ ਪਿਛਲੇ 2 ਦਿਨਾਂ ਤੋਂ ਸੰਤਾਪ ਭੋਗ ਰਹੇ ਹਨ ਅਤੇ ਮੁੱਖ ਮੰਤਰੀ, ਜਾਂ ਕਿਸੇ ਵੀ ਮੰਤਰੀ ਜਾਂ ਇੱਥੋਂ ਤਕ ਕਿ ਕਾਂਗਰਸੀ ਵਿਧਾਇਕਾਂ ਕੋਲ ਵੀ ਉਹਨਾਂ ਕੋਲ ਜਾਣ ਦਾ ਸਮਾਂ ਨਹੀਂ ਹੈ। ਉਹਨਾਂ ਕਿਹਾ ਕਿ ਸਮੁੱਚੀ ਕਾਂਗਰਸ ਪਾਰਟੀ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿਚ ਹਾਸਿਲ ਕੀਤੀਆਂ ਉਹਨਾਂ ਝੂਠੀਆਂ ਜਿੱਤਾਂ ਦੇ ਜਸ਼ਨ ਮਨਾਉਣ ਵਿਚ ਰੁੱਝੀ ਹੋਈ ਹੈ,
ਜਿਹੜੀਆਂ ਇਸ ਨੇ ਗੁੰਡਾਗਰਦੀ ਨਾਲ ਹਾਸਿਲ ਕੀਤੀਆਂ ਹਨ। ਉਹਨਾਂ ਕਿਹਾ ਕਿ ਕਾਂਗਰਸੀ ਸੱਤਾ ਦੇ ਇੰਨੇ ਭੁੱਖੇ ਹਨ ਕਿ ਉਹ ਉਸ ਅੰਨਦਾਤੇ ਦੀ ਤਕਲੀਫ ਵੀ ਨਹੀਂ ਵੇਖ ਰਹੇ, ਜਿਹੜਾ ਇੱਕ ਵੱਡੇ ਦੁਖਾਂਤ ਦਾ ਸਾਹਮਣਾ ਕਰ ਰਿਹਾ ਹੈ। ਇਹ ਟਿੱਪਣੀ ਕਰਦਿਆਂ ਕਿ ਬਾਰਿਸ਼ਾਂ ਨਾਲ ਨਰਮੇ ਦਾ ਜ਼ਿਆਦਾ ਨੁਕਸਾਨ ਹੋਇਆ ਹੈ, ਕਿਉਂਕਿ ਇਹ ਫਸਲ ਪੱਕ ਚੁੱਕੀ ਸੀ ਅਤੇ ਮੰਡੀਆਂ ਵਿਚ ਆਉਣੀ ਸ਼ੁਰੂ ਹੋ ਗਈ ਸੀ, ਸਰਦਾਰ ਮਲੂਕਾ ਨੇ ਕਿਹਾ ਕਿ ਭਾਰੀ ਬਾਰਿਸ਼ ਨਾਲ ਗਿੱਲੇ ਹੋ ਕੇ ਨਰਮੇ ਦੇ ਫੁੱਲ ਕਾਲੇ ਪੈ ਗਏ ਹਨ। ਉਹਨਾਂ ਕਿਹਾ ਕਿ ਇਸ ਨਾਲ ਨਰਮੇ ਦੀ ਰੰਗਤ ਖਰਾਬ ਹੋ ਜਾਵੇਗੀ ਅਤੇ ਮਾਲਵਾ ਖਿੱਤੇ ਦੇ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ।
ਉਹਨਾਂ ਕਿਹਾ ਕਿ ਇਸੇ ਤਰ੍ਹਾਂ ਭਾਰੀ ਬਾਰਿਸ਼ ਨਾਲ ਕੇਂਦਰੀ ਪੰਜਾਬ ਅਤੇ ਮਾਲਵਾ ਖੇਤਰ ਵਿਚ ਝੋਨੇ ਦੀ ਫਸਲ ਖਰਾਬ ਹੋਣ ਦੀਆਂ ਵੀ ਰਿਪੋਰਟਾਂ ਆ ਰਹੀਆਂ ਹਨ। ਉਹਨਾਂ ਕਿਹਾ ਕਿ ਭਾਰੀ ਬਾਰਿਸ਼ ਨਾਲ ਚੱਲੀਆਂ ਤੇਜ਼ ਹਵਾਵਾਂ ਕਰਕੇ ਝੋਨੇ ਦੀ ਫਸਲ ਵਿਛ ਗਈ ਹੈ। ਇਸ ਨਾਲ ਨਾ ਸਿਰਫ ਦਾਣਾ ਕਾਲਾ ਹੋ ਜਾਵੇਗਾ, ਸਗੋਂ ਝਾੜ ਉੱਤੇ ਵੀ ਅਸਰ ਪਵੇਗਾ। ਕਿਸਾਨ ਵਿੰਗ ਦੇ ਪ੍ਰਧਾਨ ਨੇ ਕਿਹਾ ਕਿ ਇਸੇ ਤਰ੍ਹਾਂ ਜਲੰਧਰ ਅਤੇ ਲੁਧਿਆਣਾ ਜ਼ਿਲ੍ਹਿਆਂ ਵਿਚ ਆਲੂ ਅਤੇ ਸ਼ਬਜ਼ੀਆਂ ਦਾ ਭਾਰੀ ਨੁਕਸਾਨ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ।
ਉਹਨਾਂ ਕਿਹਾ ਕਿ ਆਲੂ ਦੀ ਫਸਲ ਪੱਕ ਚੁੱਕੀ ਸੀ, ਜਿਸ ਨੂੰ ਮੀਂਹ ਦੀ ਝੜੀ ਨੇ ਖਰਾਬ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਮੋਹਾਲੀ ਅਤੇ ਮਲੇਰਕੋਟਲਾ ਇਲਾਕਿਆਂ ਵਿਚ ਵੀ ਸ਼ਬਜ਼ੀਆਂ ਦਾ ਨੁਕਸਾਨ ਹੋਣ ਬਾਰੇ ਪਤਾ ਚੱਲਿਆ ਹੈ। ਉਹਨਾਂ ਕਿਹਾ ਕਿ ਆਲੂ ਅਤੇ ਸ਼ਬਜ਼ੀਆਂ ਉੱਤੇ ਮੁੱਢਲੀ ਲਾਗਤ ਬਹੁਤ ਜ਼ਿਆਦਾ ਆਉਂਦੀ ਹੈ, ਇਸ ਲਈ ਕਿਸਾਨਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।