
ਗਰੀਬੀ ਕਾਰਨ ਪੜ੍ਹਾਈ ਲਈ ਪੈਸੇ ਆਦਿ ਨਾ ਹੋਣ ਕਾਰਨ ਬਹੁਤ ਸਾਰੀਆਂ ਬੱਚੀਆਂ ਗ਼ਲਤ ਪਾਸੇ ਚਲੀਆਂ ਜਾਂਦੀਆਂ ਹਨ।
ਫਿਰੋਜ਼ਪੁਰ (ਬਲਬੀਰ ਸਿੰਘ ਜੋਸਨ ): ਭਾਵੇਂ ਹੀ ਪਿਛਲੇ ਜ਼ਮਾਨੇ ਵਿਚ ਧੀਆਂ ਨੂੰ ਪੁੱਤਾਂ ਦੇ ਬਰਾਬਰ ਨਹੀਂ ਸੀ ਸਮਝਿਆ ਜਾਂਦਾ ਪਰ ਜਿਵੇਂ-ਜਿਵੇਂ ਸਮਾਂ ਬਦਲਿਆ, ਹੁਣ ਪੁੱਤਾਂ ਨਾਲੋਂ ਵੱਧ ਧੀਆਂ ਨੂੰ ਮਾਣ ਸਤਿਕਾਰ ਮਿਲਣਾ ਸ਼ੁਰੂ ਹੋ ਗਿਆ ਹੈ। ਕਿਉਂ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਵੱਲੋਂ ਸਰਹੱਦੀ ਸ਼ਹਿਰ ਫ਼ਿਰੋਜ਼ਪੁਰ ਦੀ ਰਹਿਣ ਵਾਲੀ ਇੱਕ 15 ਵਰ੍ਹਿਆ ਦੀ ਲੜਕੀ ਅਨਮੋਲ ਇੱਕ ਦਿਨ ਦੇ ਲਈ ''ਡੀਸੀ'' ਬਣਾ ਕੇ ਮਾਨ ਸਨਮਾਨ ਦਿੱਤਾ ਗਿਆ ਸੀ।
Photo
ਅਨਮੋਲ ਫ਼ਿਰੋਜ਼ਪੁਰ ਸ਼ਹਿਰ ਦੇ ਇੱਕ ਮੰਨੇ ਪਰਮੰਨੇ ਸਕੂਲ ਦੇ ਵਿਚ ਪੜ੍ਹਦੀ ਹੈ ਅਤੇ ਉਹ ਆਈਏਐਸ ਜਾਂ ਫਿਰ ਡਿਪਟੀ ਕਮਿਸ਼ਨਰ ਬਣਨਾ ਚਾਹੁੰਦੀ ਹੈ। ਡੀਸੀ ਚੰਦਰ ਗੈਂਦ ਨੇ ਅਨਮੋਲ ਦੇ ਇਹ ਵਿਚਾਰ ਸੁਣਦਿਆਂ ਹੀ ਇੱਕ ਦਿਨ ਦਾ ਡੀਸੀ “ਅਨਮੋਲ“ ਨੂੰ ਬਣਾਉਣ ਦਾ ਫ਼ੈਸਲਾ ਕੀਤਾ।
ਭਾਵੇਂ ਹੀ ਅਨਮੋਲ ਨੇ ਸਾਰਾ ਦਿਨ ਡੀਸੀ ਦਫ਼ਤਰ ਵਿਚ ਹੀ ਬਿਤਾਇਆ ਅਤੇ ਉਹ ਦੇ ਵੱਲੋਂ ਕਈ ਅਹਿਮ ਫ਼ੈਸਲੇ ਵੀ ਲਏ ਗਏ, ਹੁਣ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਪੌਣੇ ਤਿੰਨ ਫੁੱਟ ਕੱਦ ਵਾਲੀ ਛੇਵੀਂ ਕਲਾਸ ਦੀ ਬੱਚੀ ਨੂੰ ਇੱਕ ਦਿਨ ਦੇ ਲਈ ਸਰਕਾਰੀ ਸਕੂਲ ਦਾ ਪ੍ਰਿੰਸੀਪਲ ਬਣਾਇਆ ਹੈ ਅਤੇ ਖ਼ਾਸ ਬੱਚਿਆਂ ਵਿਚ ਆਤਮ ਵਿਸ਼ਵਾਸ ਅਤੇ ਹੌਂਸਲਾ ਪੈਦਾ ਕਰਨ ਦੇ ਮਕਸਦ ਨਾਲ ਉਠਾਇਆ ਕਦਮ ਤਾਂ ਜੋ ਬੱਚੀ ਵੱਡੀ ਹੋ ਕੇ ਸਕੂਲ ਪ੍ਰਿੰਸੀਪਲ ਬਣਨ ਦਾ ਆਪਣਾ ਸੁਪਨਾ ਪੂਰਾ ਕਰ ਸਕੇ।
Children
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਖੁਸ਼ੀ ਨੂੰ 51 ਹਜ਼ਾਰ ਰੁਪਏ ਦੀ ਐੱਫ.ਡੀ.ਆਰ. ਵੀ ਸੌਂਪੀ ਤੇ ਕਿਹਾ ਬੱਚੀ ਜ਼ਰੂਰਤ ਦੇ ਸਮੇਂ ਇਸਤੇਮਾਲ ਕਰ ਸਕਦੀ ਹੈ। ਪਰ “ਅਨਮੋਲ“ਤੇ ਖੁਸ਼ੀ ਜਿਹੀਆਂ ਹੋਰ ਵੀ ਅਨੇਕਾਂ ''ਨੰਨ੍ਹੀਆਂ ਜਿੰਦਾ'' ਅਜਿਹੀਆਂ ਹਨ, ਜੋ ਹਾਲੇ ਵੀ ਪੜ੍ਹਾਈ ਕਰਨ ਵਾਸਤੇ ਇੱਕ ਕਿਤਾਬ ਨੂੰ ਤਰਸ ਰਹੀਆਂ ਹਨ, ਜਿਨ੍ਹਾਂ ਨੂੰ ਪੜ੍ਹਾਉਣ ਵਾਲਾ ਕੋਈ ਨਹੀਂ ਹੈ ਅਤੇ ਗ਼ਰੀਬੀ ਕਾਰਨ ਪੜ੍ਹ ਲਿਖ ਨਹੀਂ ਸਕਦੀਆਂ।
ਅਨਮੋਲ ਤੇ ਖੁਸ਼ੀ ਨੂੰ ਜਿਹਨਾਂ ਨੂੰ ਨਿੱਕੀ ਉਮਰੇ ਵੱਡਾ ਕੁੱਝ ਕਰਨ ਦਾ ਮੌਕਾ ਮਿਲਿਆ, ਅਸੀਂ ਉਸ ਨੂੰ ''ਸਲੂਟ'' ਕਰਦੇ ਹਾਂ। ਪਰ ਫ਼ਿਰੋਜ਼ਪੁਰ ਸ਼ਹਿਰ ਤੋਂ ਇਲਾਵਾ ਪੰਜਾਬ ਵਿਚ ਬਹੁਤ ਸਾਰੀਆਂ 7-8 ਸਾਲ ਤੋਂ ਲੈ ਕੇ 15-16 ਦੀ ਉਮਰ ਤੱਕ ਦੀਆਂ ਕੁੜੀਆਂ ਕੂੜੇ ਦੇ ਵਿਚ ਹੱਥ ਮਾਰਦੀਆਂ ਅਕਸਰ ਹੀ ਵੇਖੀਆਂ ਜਾ ਸਕਦੀਆਂ ਹਨ। ਜਿਨ੍ਹਾਂ ਦਾ ਕੋਈ ਨਹੀਂ ਹੁੰਦਾ, ਉਹ ਵਿਚਾਰੀਆਂ ਕੂੜਾ ਫਰੋਲ ਕੇ ਆਪਣਾ ਢਿੱਡ ਭਰ ਰਹੀਆਂ ਹਨ।
ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਦੇ ਨਾਮੀ ਚੌਂਕਾਂ ਤੋਂ ਇਲਾਵਾ ਡੀਸੀ ਦਫ਼ਤਰ ਦੇ ਕੋਲ ਹੀ ਨਿੱਕੀਆਂ ਨਿੱਕੀਆਂ ਬੱਚੀਆਂ ਕੂੜਾ ਫਰੋਲਦੀਆਂ ਦੇਖੀਆ ਜਾ ਸਕਦੀਆਂ ਹਨ। ਜਿਨ੍ਹਾਂ ਦੇ ਵੱਲ ਨਾ ਤਾਂ ਕੋਈ ਸਰਕਾਰੀ ਅਧਿਕਾਰੀ ਦੀ ਨਿਗਾਹ ਪੈਂਦੀ ਹੈ ਅਤੇ ਨਾ ਹੀ ਕਿਸੇ ਸਿਆਸੀ ਲੀਡਰ ਦੀ। ਪੜ੍ਹਨ ਦੀ ਉਮਰੇ ਉਕਤ ਬੱਚੀਆਂ ਘਰਾਂ ਵਿਚ ਸਫ਼ਾਈਆਂ ਕਰ ਰਹੀਆਂ ਹੁੰਦੀਆਂ ਹਨ। ਗਰੀਬੀ ਕਾਰਨ ਪੜ੍ਹਾਈ ਲਈ ਪੈਸੇ ਆਦਿ ਨਾ ਹੋਣ ਕਾਰਨ ਬਹੁਤ ਸਾਰੀਆਂ ਬੱਚੀਆਂ ਗ਼ਲਤ ਪਾਸੇ ਚਲੀਆਂ ਜਾਂਦੀਆਂ ਹਨ।
ਗਰੀਬੀ ਦੀ ਮਾਰ ਝੱਲ ਰਹੀਆਂ ਬਾਲੜੀਆਂ ਬੱਚੀਆਂ ਦਾ ਡੀਸੀ ਤੇ ਪ੍ਰਿੰਸੀਪਲ ਬਣਨ ਦਾ ਸੁਪਨਾ ਕਦੋਂ ਪੂਰਾ ਹੋਵੇਗਾ, ਜਿਹੜੀਆਂ ਵਿਚਾਰੀਆਂ ਸਾਰਾ ਦਿਨ ਹੀ ਕੂੜਾ ਫਰੋਲ ਕੇ ਸ਼ਾਮ ਤੱਕ ਢਿੱਡ ਭਰਨ ਜੋਗੇ ਪੈਸੇ ਇਕੱਠੇ ਕਰਦੀਆਂ ਹਨ। ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਚੰਦਰ ਗੈਂਦ ਨੂੰ ਉਨ੍ਹਾਂ ਸਲੱਮ ਬਸਤੀਆਂ ਦਾ ਵੀ ਦੌਰਾ ਕਰਨਾ ਚਾਹੀਦਾ ਹੈ, ਜਿੱਥੇ ਹਾਲੇ ''ਵਿੱਦਿਆ'' ਨੇ ਪੈਰ ਵੀ ਨਹੀਂ ਪਾਇਆ।
ਫ਼ਿਰੋਜ਼ਪੁਰ ਦੀਆਂ ਅੱਧੀ ਦਰਜਨ ਤੋਂ ਵੱਧ ਬਸਤੀਆਂ ਅਜਿਹੀਆਂ ਹਨ, ਜਿਨ੍ਹਾਂ ਦੇ ਗ਼ਰੀਬ ਮਾਪਿਆਂ ਵੱਲੋਂ ਬੱਚੀਆਂ ਨੂੰ ਸਕੂਲ ਇਸ ਕਰ ਕੇ ਨਹੀਂ ਭੇਜਿਆ ਜਾਂਦਾ ਕਿਉਂਕਿ ਉਨ੍ਹਾਂ ਕੋਲ ਬੱਚੇ ਪੜ੍ਹਾਉਣ ਲਈ ਪੈਸਾ ਨਹੀਂ ਹੈ। ਗ਼ਰੀਬ ਘਰਾਣੇ ਵਿਚ ਪੈਦਾ ਹੋਏ ਬੱਚਿਆਂ ਨੂੰ ਗ਼ਰੀਬੀ ਹੀ ਮਾਰ ਜਾਂਦੀ ਹੈ। ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਵਾਲ ਹੈ ਕਿ ਪੰਜਾਬ ਦੀਆਂ ਨੰਨੀਆਂ ਛਾਵਾਂ ਜੋ ਪੜ੍ਹਨ ਦੀ ਉਮਰੇ, ਕੂੜਾ ਫਰੋਲ ਕੇ ਢਿੱਡ ਭਰ ਰਹੀਆਂ ਹਨ, ਉਹ ਅਫ਼ਸਰ ਕਦੋਂ ਬਣਨਗੀਆਂ?
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।