
ਪੰਜਾਬ 'ਚ ਅੱਧੋ-ਅੱਧ ਸੀਟਾਂ 'ਤੇ ਚੋਣ ਲੜਨ ਦੇ ਦਮਗਜੇ ਮਾਰ ਰਹੀ ਬੀਜੇਪੀ ਦੀ ਸਿਆਸੀ ਧਰਾਤਲ ਹੋਰ ਖਿਸਕਣ ਲੱਗੀ
ਹਰਸਿਮਰਤ ਦਾ ਅਸਤੀਫ਼ਾ ਤੇ ਸੰਨੀ ਦਿਉਲ ਦਾ ਕਿਸਾਨ ਵਿਰੋਧੀ ਬਿਆਨ ਬਣੇ ਘਾਤਕ
ਚੰਡੀਗੜ੍ਹ, 23 ਸਤੰਬਰ (ਨੀਲ ਭਲਿੰਦਰ ਸਿੰਘ) : ਪਿਛਲੇ ਸਾਲ ਲੋਕ ਸਭਾ ਚੋਣਾਂ ਚ ਕੇਂਦਰ ਵਿੱਚ ਆਪਣੇ ਦਮ ਤੇ ਸਰਕਾਰ ਬਣਾਉਣ ਵਾਲੀ ਭਾਰਤੀ ਜਨਤਾ ਪਾਰਟੀ ਨਾ ਸਿਰਫ ਪੂਰੇ ਦੇਸ਼ ਵਿਚ ਕੌਮੀ ਜਮਹੂਰੀ ਗੱਠਜੋੜ ਐਨਡੀਏ ਚ ਸ਼ਾਮਲ ਨਿੱਕੀਆਂ ਸਹਿਯੋਗੀ ਪਾਰਟੀਆਂ ਨੂੰ ਠਿੱਠ ਕਰਨ ਲੱਗ ਪਈ ਸੀ; ਸਗੋਂ ਪੰਜਾਬ ਵਿਚ ਤਾਂ ਅਕਾਲੀ ਦਲ ਨਾਲ ਦੀ ਸਿੱਧਾ ਆਢਾ ਲਾਉਂਦੇ ਹੋਏ ਪੰਜਾਬ ਦੇ ਭਾਜਪਾਈ ਅੱਧੋ-ਅੱਧ ਵਿਧਾਨ ਸਭਾ ਸੀਟਾਂ ਤੇ ਚੋਣ ਲੜਨ ਦੇ ਦਾਅਵੇ ਠੋਕਣ ਲੱਗ ਪਏ ਸਨ। ਪਰ ਸਮੇਂ ਦੀ ਖੇਡ ਵੇਖੋ ਉਧਰ ਲੋਕ ਸਭਾ ਤੇ ਰਾਜ ਸਭਾ ਵਿਚ ਖੇਤੀ ਆਰਡੀਨੈਂਸਾਂ ਦੇ ਬਿੱਲ ਪੇਸ਼ ਹੋਏ ਕਿ ਇਧਰ ਖੇਤੀ ਆਧਾਰਤ ਸੂਬਿਆਂ ਖਾਸਕਰ ਪੰਜਾਬ ਅਤੇ ਹਰਿਆਣਾ 'ਚ ਭਾਜਪਾ ਦੇ ਆਧਾਰ ਨੂੰ ਯਕਦਮ ਵੱਡਾ ਖੋਰਾ ਲਗਣਾ ਸ਼ੁਰੂ ਹੋ ਗਿਆ। ਭਾਜਪਾ ਪੰਜਾਬ ਵਿਚ ਤਾਂ ਪਹਿਲਾਂ ਹੀ ਔਖੇ ਸਾਹ ਲੈ ਰਹੀ ਸੀ ਕਿ ਹੁਣ ਪਾਰਟੀ ਦੀ ਹਾਲਤ ਹੋਰ ਪਤਲੀ ਹੁੰਦੀ ਜਾਣ ਲੱਗ ਪਈ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਅਕਾਲੀ ਦਲ ਨਾਲ ਗਠਜੋੜ 'ਚ ਅਪਣੇ ਹਿੱਸੇ ਆਉਂਦੀਆਂ 23 ਸੀਟਾਂ 'ਤੇ ਚੋਣ ਤਾਂ ਲੜੀ ਪਰ ਪਾਰਟੀ ਦਾ ਨਾਂ ਸਿਰਫ ਵੋਟ ਫ਼ੀ ਸਦ 1.8 ਡਿਗਦਾ ਹੋਇਆ ਮਸਾਂ ਹੀ 5.4 ਫ਼ੀ ਸਦੀ (ਸੀਟ ਸ਼ੇਅਰ ਸਿਰਫ 2.6 ਫ਼ੀ ਸਦ) 'ਤੇ ਜਾ ਪਹੁੰਚਿਆ ਸਗੋਂ ਸੀਟਾਂ ਵੀ ਸਿਰਫ਼ ਤਿੰਨ ਹੀ ਪੱਲੇ ਪਈਆਂ। ਹਾਲਾਂਕਿ ਲੰਘੇ ਵਰ੍ਹੇ ਲੋਕ
ਸਭਾ ਚੋਣਾਂ 'ਚ ਜਿਥੇ ਪੂਰੇ ਮੁਲਕ 'ਚ ਭਾਜਪਾ ਨੇ ਬਹੁਤ ਹੀ ਚੰਗਾ ਪ੍ਰਦਰਸ਼ਨ ਕੀਤਾ ਉਥੇ ਹੀ ਪੰਜਾਬ ਵਿਚ ਵੀ ਕੁੱਝ ਸਿਆਸੀ ਆਕਸੀਜਨ ਪਾਰਟੀ ਨੂੰ ਮਿਲੀ। ਪਾਰਟੀ ਨੇ ਜਿਥੇ 13 ਵਿਚੋਂ 2 ਸੀਟਾਂ ਜਿੱਤੀਆਂ ਉਥੇ ਹੀ ਵੋਟ ਫ਼ੀ ਸਦ ਵੀ 0.93 ਫ਼ੀ ਸਦ ਵਧਦਾ ਹੋਇਆ 9.63 ਫ਼ੀ ਸਦ ਉੱਤੇ ਪਹੁੰਚ ਗਿਆ। ਜਿਸ ਦਾ ਇੱਕ ਵੱਡਾ ਕਾਰਨ ਗੁਰਦਾਸਪੁਰ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਜ਼ਿਮਨੀ ਚੋਣਾਂ ਜਿੱਤੇ ਮੈਂਬਰ ਪਾਰਲੀਮੈਂਟ ਸੁਨੀਲ ਜਾਖੜ ਵਿਰੁਧ ਉਚੇਚੇ ਤੌਰ 'ਤੇ ਮੁੰਬਈ ਤੋਂ ਲਿਆਂਦਾ ਗਿਆ ਫਿਲਮੀ ਐਕਟਰ ਸੰਨੀ ਦਿਓਲ ਰਿਹਾ। ਪਰ ਹੁਣ ਇਹੀ ਸੰਨੀ ਦਿਉਲ ਦੀ ਉਣੀ ਸਿਆਸੀ ਸਮਝ ਪਾਰਟੀ ਨੂੰ ਪੰਜਾਬ ਵਿਚ ਸ਼ਾਇਦ ਸਿਆਸੀ ਧਰਾਤਲ ਦੇ ਹੋਰ ਖਿਸਕਾਅ ਵਲ ਲਿਜਾਣ ਲੱਗੀ ਹੈ।
ਰਾਜ ਸਭਾ ਵਿਚ ਪਹਿਲਾਂ ਆਰਡੀਨੈਂਸ ਬਿੱਲ ਦੇ ਰੂਪ ਵਿੱਚ ਪੇਸ਼ ਹੁੰਦਿਆਂ ਹੀ ਜਿੱਥੇ ਸੰਨੀ ਦਿਉਲ ਨੇ ਅਪਣੇ ਲੋਕ ਸਭਾ ਹਲਕੇ ਦੇ ਮੁੱਖ ਧੰਦੇ ਖੇਤੀਬਾੜੀ ਵਿਰੁਧ ਭੁਗਤਦਿਆਂ ਅਪਣੀ ਸਰਕਾਰ ਦਾ ਪੱਖ ਪੂਰਿਆ ਉਥੇ ਹੀ ਪੂਰੇ ਪੰਜਾਬ ਵਿਚ ਕਿਸਾਨ ਸੰਨੀ ਦਿਉਲ ਦੇ ਵਿਰੁਧ ਖੜ੍ਹੇ ਹੋ ਗਏ। ਪਾਰਟੀ ਇਕ ਪਾਸੇ ਤਾਂ ਪੰਜਾਬ ਵਿਚ ਕਿਸਾਨਾਂ ਨੂੰ ਅਪਣੇ ਨਵੇਂ ਖੇਤੀ ਕਾਨੂੰਨਾਂ ਬਾਰੇ ਸਮਝਾਉਣ ਲਈ ਵਿਉਂਤਬੰਦੀਆਂ ਕਰ ਰਹੀ ਸੀ, ਇਥੋਂ ਤਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਬਾਰੇ ਟਵੀਟ ਵੀ ਉਚੇਚੇ ਤੌਰ 'ਤੇ ਗੁਰਮੁਖੀ ਲਿੱਪੀ ਵਿਚ ਜਾਰੀ ਕੀਤਾ ਗਿਆ।
ਉਧਰ ਗੁਰਦਾਸਪੁਰ ਜਿਹੇ ਨਿਰੋਲ ਕਿਸਾਨ ਆਧਾਰਤ ਹਲਕੇ 'ਚੋਂ ਚੁਣ ਕੇ ਗਏ ਸੰਨੀ ਦਿਉਲ ਨੇ ਪੰਜਾਬ ਦੇ ਭਾਜਪਾਈਆਂ ਦੇ ਅੱਗੇ ਹੀ ਅੜਿੱਕੇ ਡਾਹ ਦਿਤੇ। ਰਹਿੰਦੀ-ਸਹਿੰਦੀ ਕਸਰ ਪਾਰਟੀ ਲਈ ਪੰਜਾਬ ਵਿਚ ਕਿਸਾਨ ਚਿਹਰਾ ਸ਼੍ਰੋਮਣੀ ਅਕਾਲੀ ਦਲ ਦੀ ਇਕੋ-ਇਕ ਕੇਂਦਰੀ ਵਜ਼ੀਰ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਵਜ਼ਾਰਤ ਚੋਂ ਅਸਤੀਫ਼ਾ ਦੇ ਕੇ ਲਾਂਭੇ ਹੋ ਜਾਣ ਨੇ ਪੂਰੀ ਕਰ ਦਿਤੀ।
ਪੰਜਾਬ ਵਿਚ ਭਾਜਪਾ ਦਾ ਆਧਾਰ ਸ਼ਾਹੂਕਾਰਾ ਜਮਾਤ ਖਾਸਕਰ ਆੜ੍ਹਤੀ ਵਪਾਰੀ ਵਰਗ ਮੰਨਿਆ ਜਾਂਦਾ ਰਿਹਾ ਹੈ। ਪਰ ਅੱਜ ਹੀ ਮਾਲਵੇ ਵਿਚ ਖ਼ਾਸਕਰ ਬਰਨਾਲਾ 'ਚ ਲੋਕਾਂ ਨੂੰ ਸਮਝਾਉਣ ਪੁੱਜੇ ਭਾਜਪਾਈਆਂ ਨੂੰ ਕਿਸਾਨਾਂ ਨੇ ਐਸਾ ਘੇਰਾ ਪਾਇਆ ਕਿ ਉਨ੍ਹਾਂ ਨੂੰ ਪ੍ਰੈੱਸ ਕਾਨਫੰਸ ਛੱਡ ਕੇ ਤਿੱਤਰ ਹੋਣਾ ਪੈ ਗਿਆ। ਇਸੇ ਤਰ੍ਹਾਂ ਇਕ ਥਾਂ ਤਾਂ ਮੰਡੀ ਦੇ ਆੜ੍ਹਤੀਆਂ ਨੇ ਵੱਡਾ ਬੋਰਡ ਹਿਲਾ ਕੇ ਭਾਜਪਾ ਦੇ ਬਾਈਕਾਟ ਦਾ ਸੱਦਾ ਦੇ ਕੇ ਭਾਰਤੀ ਲਈ ਵਪਾਰੀ ਵਰਗ ਦੇ ਦਰਵਾਜ਼ੇ ਵੀ ਪੰਜਾਬ ਵਿਚ ਬੰਦ ਹੋਣ ਲੱਗ ਪਏ ਹੋਣ ਦਾ ਮੁੱਢ ਬੰਨ੍ਹ ਦਿਤਾ ਹੈ।image