
ਕੇਂਦਰ ਸਰਕਾਰ ਨੇ ਪੰਜਾਬ ਦੇ ਮੰਤਰੀ ਅਮਨ ਅਰੋੜਾ ਨੂੰ ਵਿਦੇਸ਼ ਦੌਰੇ ਦੀ ਆਗਿਆ ਦੇਣ ਤੋਂ ਕੀਤੀ ਨਾਹ
ਚੰਡੀਗੜ੍ਹ, 23 ਸਤੰਬਰ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਕੇਂਦਰ ਸਰਕਾਰ ਨੇ ਯੂਰਪ ਯਾਤਰਾ ਦੀ ਆਗਿਆ ਨਹੀਂ ਦਿਤੀ | ਉਨ੍ਹਾਂ ਬੈਲਜੀਅਮ, ਜਰਮਨੀ ਤੇ ਨੀਦਰਲੈਂਡ ਵਿਖੇ ਜਾ ਕੇ ਹਾਈਡਰੋਜਨ ਦੇ ਅਤੀਆਧੁਨਿਕ ਪ੍ਰਾਜੈਕਟਾਂ ਬਾਰੇ ਜਾਣਕਾਰੀ ਲੈਣੀ ਸੀ | ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ 24 ਸਤੰਬਰ ਤੋਂ 2 ਅਕਤੂਬਰ ਤਕ ਇਨ੍ਹਾਂ ਦੇਸ਼ਾਂ ਦਾ ਦੌਰਾ ਕਰਨਾ ਸੀ | ਜ਼ਿਕਰਯੋਗ ਹੈ ਕਿ ਵਾਤਾਵਰਣ ਮੰਤਰਾਲੇ ਨੇ ਪ੍ਰਵਾਨਗੀ ਦੇ ਦਿਤੀ ਸੀ ਪਰ ਵਿਦੇਸ਼ ਮੰਤਰਾਲੇ ਨੇ ਐਨ ਆਖ਼ਰੀ ਮੌਕੇ ਨਾਂਹ ਕਰ ਦਿਤੀ ਹੈ | 8 ਸੂਬਿਆਂ ਦੇ 13 ਪ੍ਰਤੀਨਿਧ ਇਸ ਦੌਰੇ ਉਪਰ ਜਾਣੇ ਸਨ | ਇਨ੍ਹਾਂ 'ਚ ਸਿਰਫ਼ ਅਰੋੜਾ ਹੀ ਸਿਆਸੀ ਵਿਅਕਤੀ ਸਨ ਜਦ ਕਿ ਬਾਕੀ ਸਾਰੇ ਅਫ਼ਸਰ ਤੇ ਟੈਕਨੋਕਰੇਟਸ ਸਨ | ਅਰੋੜਾ ਨੂੰ ਆਗਿਆ ਨਾ ਦੇਣ ਦਾ ਕਾਰਨ ਤਾਂ ਹਾਲੇ ਸਪੱਸ਼ਟ ਨਹੀਂ ਪਰ ਸਮਝਿਆ ਜਾਂਦਾ ਹੈ ਕਿ ਆਪ੍ਰੇਸ਼ਨ ਲੋਟਸ ਤੇ ਭਾਜਪਾ ਉਪਰ ਲਾਏ ਦੋਸ਼ਾਂ ਤੋਂ ਬਾਅਦ ਕੇਂਦਰ ਨਾਲ ਪੰਜਾਬ ਦੇ ਵਧ ਰਹੇ ਟਕਰਾਉ ਦਾ ਹੀ ਇਹ ਸੰਕੇਤ ਹੈ | ਇਸ ਤੋਂ ਪਹਿਲਾਂ ਰਾਜਪਾਲ ਨੇ ਪੰਜਾਬ ਦਾ ਵਿਸ਼ੇਸ਼ ਸੈਸ਼ਨ ਰੱਦ ਕਰ ਦਿਤਾ ਸੀ | ਅਰੋੜਾ ਨੇ ਆਪਰੇਸ਼ਨ ਲੋਟਸ ਨੂੰ ਲੈ ਕੇ ਪਿਛਲੇ ਦਿਨੀ ਕੇਂਦਰ ਸਰਕਾਰ ਤੇ ਭਾਜਪਾ ਉਪਰ ਤਿੱਖੇ ਹਮਲੇ ਕੀਤੇ ਸਨ |