ਕਾਂਗਰਸ ਦੇ ਰਾਜ ਦੌਰਾਨ ਖਰੀਦੀਆਂ ਮਹਿੰਗੀਆਂ ਕਾਰਾਂ-ਵਿਜੀਲੈਂਸ ਨੇ ਕੀਤਾ ਖੁਲਾਸਾ
ਮੁਹਾਲੀ : ਕਾਂਗਰਸ ਦੀ ਸਾਬਕਾ ਵਿਧਾਇਕਾ ਅਤੇ ਮੌਜੂਦਾ ਭਾਜਪਾ ਨੇਤਾ ਸਤਿਕਾਰ ਕੌਰ ਗਹਿਰੀ ਤੇ ਉਸ ਦੇ ਪਤੀ ਜਸਮੇਲ ਸਿੰਘ ਵਲੋਂ ਪਿਛਲੇ ਪੰਜ ਸਾਲਾਂ 'ਚ ਕਰੋੜਾਂ ਦੀ ਜਾਇਦਾਦ ਬਣਾਈ ਗਈ। ਇਹ ਖੁਲਾਸਾ ਪੰਜਾਬ ਵਿਜੀਲੈਂਸ ਬਿਊਰੋ ਨੇ ਜਾਂਚ ਦੌਰਾਨ ਕੀਤਾ। ਸਤਿਕਾਰ ਕੌਰ ਗਹਿਰੀ ਵਲੋਂ ਵਿਧਾਇਕਾ ਚੁਣੇ ਜਾਣ ਤੋਂ ਬਾਅਦ ਕਾਂਗਰਸ ਦੇ ਰਾਜ ਦੌਰਾਨ ਸੂਬੇ ਵਿੱਚ ਕਈ ਥਾਵਾਂ ’ਤੇ ਮਹਿੰਗੀਆਂ ਜਾਇਦਾਦਾਂ ਖਰੀਦੀਆਂ ਗਈਆਂ ਸਨ।
ਇਹ ਵੀ ਪੜ੍ਹੋ: ਕੈਨੇਡਾ ਦੇ ਪਹਿਲੇ ਸਿੱਖ ਸੈਨੇਟਰ ਸਰਬਜੀਤ ਸਿੰਘ ਸਾਬੀ ਮਰਵਾਹ ਨੇ ਮੈਂਬਰੀ ਤੋਂ ਦਿੱਤਾ ਅਸਤੀਫ਼ਾ
ਵਿਜੀਲੈਂਸ ਮੁਤਾਬਕ ਸਤਿਕਾਰ ਕੌਰ ਅਤੇ ਉਸ ਦੇ ਪਤੀ ਕੋਲ ਮਹਿੰਗੀਆਂ ਕਾਰਾਂ ਅਤੇ ਅਸਲਾ ਵੀ ਹੈ, ਜਿਸ ਦੀ ਖਰੀਦ ਵੀ ਕਾਂਗਰਸ ਰਾਜ ਦੌਰਾਨ ਹੋਈ। ਵਿਧਾਇਕਾ ਵੱਲੋਂ ਜ਼ਿਆਦਾਤਰ ਜ਼ਮੀਨ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਹੀ ਖਰੀਦੀ ਗਈ। ਵਿਜੀਲੈਂਸ ਵਲੋਂ ਜਿਨ੍ਹਾਂ ਜਾਇਦਾਦਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਉਸ ਮੁਤਾਬਕ ਸਤਿਕਾਰ ਕੌਰ ਗਹਿਰੀ ਨੇ ਆਪਣੇ ਨਾਮ ’ਤੇ ਸੰਨੀ ਐਨਕਲੇਵ ਵਿੱਚ 51 ਲੱਖ 46 ਹਜ਼ਾਰ 400 ਰੁਪਏ ਖ਼ਰਚ ਕੇ 20 ਜੂਨ 2018 ਨੂੰ ਰਿਹਾਇਸ਼ੀ ਕੋਠੀ ਖਰੀਦੀ। ਫ਼ਿਰੋਜ਼ਪੁਰ ਦੇ ਪਿੰਡ ਆਲੇ ਵਾਲਾ ਵਿੱਚ ਕ੍ਰਿਸ਼ਨਾ ਐਨਕਲੇਵ ਵਿੱਚ 22 ਮਈ 2019 ਨੂੰ ਰਿਹਾਇਸ਼ੀ ਕੋਠੀ ਆਪਣੇ ਪਤੀ ਜਸਮੇਲ ਸਿੰਘ ਦੇ ਨਾਮ ’ਤੇ 15 ਲੱਖ 15 ਹਜ਼ਾਰ 600 ਰੁਪਏ ’ਚ ਖਰੀਦੀ। ਇਸ ਕੋਠੀ ’ਤੇ 53 ਲੱਖ 21 ਹਜ਼ਾਰ 572 ਰੁਪਏ ਖਰਚੇ ਗਏ।
ਇਹ ਵੀ ਪੜ੍ਹੋ: 'ਬ੍ਰਿਜ ਭੂਸ਼ਣ ਮਹਿਲਾ ਪਹਿਲਵਾਨਾਂ ਨੂੰ ਗਲਤ ਤਰੀਕੇ ਨਾਲ ਛੂੰਹਦਾ ਸੀ', ਦਿੱਲੀ ਪੁਲਿਸ ਨੇ ਅਦਾਲਤ 'ਚ ਦਿੱਤੀ ਦਲੀਲ
ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਗੁਰੂਹਰਸਹਾਏ ਦੇ ਪਿੰਡ ਫ਼ਤਹਿਗੜ੍ਹ ਵਿੱਚ ਆਪਣੇ ਪਤੀ ਜਸਮੇਲ ਸਿੰਘ ਦੇ ਨਾਮ ’ਤੇ 72 ਹਜ਼ਾਰ 280 ਰੁਪਏ ਵਿੱਚ 18 ਮਈ 2021 ਨੂੰ ਜ਼ਮੀਨ ਖਰੀਦੀ ਗਈ। ਇਸ ਜ਼ਮੀਨ ਵਿੱਚ 47 ਲੱਖ 2 ਹਜ਼ਾਰ 980 ਰੁਪਏ ਖ਼ਰਚ ਕਰਕੇ ਰਿਹਾਇਸ਼ੀ ਕੋਠੀ ਬਣਾਈ ਗਈ। ਕੋਠੀ ਦੇ ਪਿੱਛੇ ਬਣੇ ਕੈਟਲ ਸ਼ੈੱਡ ’ਤੇ 3 ਲੱਖ 86 ਹਜ਼ਾਰ ਰੁਪਏ ਖਰਚੇ ਗਏ। ਫਿਰੋਜ਼ਪੁਰ ਦੇ ਪਿੰਡ ਆਲੇ ਵਾਲਾ ਦੇ ਕ੍ਰਿਸ਼ਨਾ ਐਨਕਲੇਵ ਵਿੱਚ 17 ਜਨਵਰੀ 2020 ਨੂੰ 3 ਲੱਖ 41 ਹਜ਼ਾਰ ਰੁਪਏ ’ਚ ਪਲਾਟ ਖਰੀਦਿਆ ਗਿਆ। ਇਸ ਪਲਾਟ ਵਿੱਚ ਬਣਾਏ ਮਕਾਨ ’ਤੇ 7 ਲੱਖ 53 ਹਜ਼ਾਰ ਰੁਪਏ ਖ਼ਰਚੇ ਗਏ। ਜ਼ਿਲ੍ਹਾ ਫਿਰੋਜ਼ਪੁਰ, ਤਹਿਸੀਲ ਗੁਰੂਹਰਸਹਾਏ ਦੇ ਪਿੰਡ ਫ਼ਤਹਿਗੜ੍ਹ ਵਿੱਚ 16 ਕਨਾਲ ਵਾਹੀਯੋਗ ਜ਼ਮੀਨ ਆਪਣੇ ਪਤੀ ਦੇ ਨਾਮ ’ਤੇ 28 ਦਸੰਬਰ 2017 ਨੂੰ ਖਰੀਦੀ ਗਈ। ਇਸ ’ਤੇ 9 ਲੱਖ 63 ਹਜ਼ਾਰ ਰੁਪਏ ਖ਼ਰਚ ਕੀਤੇ।
ਵਿਜੀਲੈਂਸ ਮੁਤਾਬਕ ਸਤਿਕਾਰ ਕੌਰ ਗਹਿਰੀ ਅਤੇ ਉਸ ਦੇ ਪਤੀ ਵੱਲੋਂ 32.50 ਗ੍ਰਾਮ ਸੋਨਾ ਖਰੀਦਿਆ ਗਿਆ। ਇੱਕ ਮਹਿੰਦਰਾ ਸਕਾਰਪੀਓ, ਇਨੋਵਾ, ਬੀਐੱਮਡਬਲਿਊ ਕਾਰ ਅਤੇ ਟਰੈਕਟਰ ਵੀ ਇਸੇ ਸਮੇਂ ਦੌਰਾਨ ਖਰੀਦਿਆ ਗਿਆ। ਸਤਿਕਾਰ ਕੌਰ ਅਤੇ ਉਸ ਦੇ ਪਤੀ ਵੱਲੋਂ ਆਪਣੇ ਨਾਮ ’ਤੇ 32 ਬੋਰ ਪਿਸਟਲ, ਪਤੀ ਜਸਮੇਲ ਸਿੰਘ ਦੇ ਨਾਮ ’ਤੇ ਦੋ 315 ਬੋਰ ਰਾਈਫਲ ਅਤੇ ਦੋ 32 ਬੋਰ ਪਿਸਤੌਲ ਖਰੀਦੇ ਗਏ ਹਨ।