
ਜਲੰਧਰ ਤੋਂ ਮੁਲਜ਼ਮ ਗ੍ਰਿਫ਼ਤਾਰ
ਨਵਾਂਸ਼ਹਿਰ - ਨਵਾਂਸ਼ਹਿਰ ਦੇ ਪਿੰਡ ਹੀਓਂ, ਬੰਗਾ 'ਚ ਇਕ ਵਿਅਕਤੀ 'ਤੇ ਗੋਲੀ ਚਲਾਉਣ ਵਾਲੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਮੁਲਜ਼ਮ ਦਾ ਇੱਕ ਸਾਥੀ ਵੀ ਫਰਾਰ ਹੈ, ਜਿਸ ਦੀ ਭਾਲ ਜਾਰੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਕਾਬੂ ਕੀਤੇ ਕਥਿਤ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਲੈ ਲਿਆ ਹੈ।
ਐਸਐਸਪੀ ਅਖਿਲ ਚੌਧਰੀ ਨੇ ਦੱਸਿਆ ਕਿ ਐਸਪੀ ਮੁਕੇਸ਼ ਕੁਮਾਰ ਦੀ ਟੀਮ ਨੇ ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲ ਹੀ ਵਿਚ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ। ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਜਾਂਚ ਤੋਂ ਬਾਅਦ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਨੇ ਇੱਕ ਵਿਅਕਤੀ ਦੇ ਘਰ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ ਸਨ। ਗੋਲੀ ਉਸ ਦੇ ਗੇਟ 'ਤੇ ਲੱਗੀ ਸੀ। ਪੁਲਿਸ ਨੇ ਮਹਿੰਦਰ ਰਾਮ ਦੇ ਬਿਆਨਾਂ ਦੇ ਆਧਾਰ ’ਤੇ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਸੀ।
ਪੁਲਿਸ ਨੇ ਮਹਿੰਦਰ ਰਾਮ 'ਤੇ ਗੋਲੀ ਚਲਾਉਣ ਵਾਲੇ ਦੋਸ਼ੀ ਸੁਖਮਨ ਜੋਤ ਸਿੰਘ ਉਰਫ਼ ਸੁਖਮਨ ਵਾਸੀ ਨਿਊ ਦਿਓਲ ਨਗਰ ਭਾਰਗਵ ਕੈਂਪ ਜਲੰਧਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਨੇ ਪੁੱਛਗਿੱਛ ਦੌਰਾਨ ਕਬੂਲ ਕੀਤਾ ਹੈ ਕਿ ਵਿਦੇਸ਼ 'ਚ ਰਹਿੰਦੇ ਸੋਨੂੰ ਖੱਤਰੀ ਦੇ ਕਹਿਣ 'ਤੇ ਉਸ ਨੇ ਜਸਪ੍ਰੀਤ ਸਿੰਘ ਵਾਸੀ ਜੱਸਾ ਪਿੰਡ ਮੋਹਣੋਵਾਲ ਥਾਣਾ ਗੜ੍ਹਸ਼ੰਕਰ ਅਤੇ ਗੁਰਮੀਤ ਸਿੰਘ ਗੀਤੂ ਵਾਸੀ ਧਾਲੀਵਾਲ ਬੇਟ ਪਿੰਡ ਢਿਲਵਾਂ, ਜ਼ਿਲ੍ਹਾ ਕਪੂਰਥਲਾ ਨੇ ਅਪਣੇ ਇਕ ਹੋਰ ਦੋਸਤ ਨਾਲ ਮਿਲ ਕੇ ਗੋਲੀਆਂ ਚਲਾਈਆਂ ਸਨ।