
ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਨਮ ਸ਼ਤਾਬਦੀ ਸਮਾਰੋਹ ਮੌਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਕਨਵੀਨਰ ਅਤੇ ਪ੍ਰਿਜ਼ੀਡੀਅਮ ਮੈਂਬਰ ਨੇ ਕੀਤਾ ਐਲਾਨ
ਚੰਡੀਗੜ੍ਹ : ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਨਮ ਸ਼ਤਾਬਦੀ ਸਮਾਰੋਹ ਮੌਕੇ, ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਸਮਾਜਿਕ ਚੇਤੰਨਤਾ ਅਤੇ ਸੁਧਾਰਾਂ ਨੂੰ ਆਪਣੇ ਸਮਾਜਿਕ ਮਿਸ਼ਨ ਵਜੋਂ ਸਵੀਕਾਰ ਕਰਨ ਦਾ ਐਲਾਨ ਕੀਤਾ ਅਤੇ ਸਮਾਜਕ ਚੇਤੰਨਤਾ ਸੁਧਾਰ ਵਿੰਗ ਦੇ ਗਠਨ ਦਾ ਐਲਾਨ ਕੀਤਾ।
ਲਹਿਰ ਦੇ ਕਨਵੀਨਰ ਅਤੇ ਪ੍ਰਿਜ਼ੀਡੀਅਮ ਮੈਂਬਰ ਨੇ ਇਕ ਬਿਆਨ ’ਚ ਕਿਹਾ, ‘‘ਅਕਾਲੀ ਸਿਆਸਤ ਵਿਚਲੀ ਗੁਣਵੱਤਾ ਦੇ ਸੁਧਾਰ ਅਤੇ ਸ਼ਹੀਦਾਂ ਦੀ ਮਹਾਨ ਵਿਰਾਸਤ, ਇਸ ਇਤਿਹਾਸਿਕ ਖੇਤਰੀ ਪਾਰਟੀ ਦੀ ਦਿੱਖ ਅਤੇ ਯੋਗ ਅਗਵਾਈ ਨੂੰ ਮੁੜ ਉਭਾਰਨ ਨੂੰ ਸਮਾਜਿਕ ਹਾਲਾਤ ਅਨੁਸਾਰ ਦੇਖਦੇ ਹੋਏ, ਇਸ ਲਈ ਸਮਾਜਿਕ ਸੁਧਾਰ ਕਰਨ ਦੇ ਸਾਰੇ ਮੌਕਿਆਂ ਅਤੇ ਵਸੀਲਿਆਂ ਨੂੰ ਸਹੀ ਪਹੁੰਚ ਰਾਹੀਂ ਅਪਣਾ ਕੇ ਜ਼ਮੀਨੀ ਪੱਧਰ 'ਤੇ ਸਰਗਰਮੀ ਨਾਲ ਅੱਗੇ ਵਧਣ ਅਤੇ ਇਸ ਪਹੁੰਚ ਰਾਹੀਂ, ਆਮ ਲੋਕਾਂ ਵਿੱਚੋਂ ਨਵੀਂ ਅਤੇ ਜੀਵੰਤ ਲੀਡਰਸ਼ਿਪ ਨੂੰ ਉਭਾਰਨ ਅਤੇ ਉਤਸ਼ਾਹਿਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸਾਰੇ ਅਕਾਲੀਆਂ, ਸਮਾਜਿਕ ਮੁੱਦਿਆਂ ਲਈ ਦਰਦ ਰੱਖਣ ਵਾਲੇ ਜਾਗਰੂਕ ਅਤੇ ਸਵੈ-ਸੇਵੀ ਲੋਕਾਂ ਨੂੰ ਇਸ ਮਹਾਨ ਕਾਰਜ ਲਈ ਨੇਕ ਅਤੇ ਪਾਰਦਰਸ਼ੀ ਇਰਾਦਿਆਂ ਨਾਲ ਸਾਂਝ ਪਾਉਣ ਦਾ ਸੱਦਾ ਦਿੰਦੀ ਹੈ।’’
ਵਿਅਕਤੀਗਤ ਦੇ ਨਾਲ-ਨਾਲ ਸਮੁੱਚੇ ਸਮਾਜ ਦੇ ਚਰਿੱਤਰ ਅਤੇ ਆਦਰਸ਼ਾਂ 'ਤੇ ਕੰਮ ਕਰਕੇ ਚੱਲ ਰਹੇ ਸੱਭਿਆਚਾਰਕ ਨਿਘਾਰ ਨੂੰ ਉਲਟਾਉਣ, ਵਿਚਾਰ ਪ੍ਰਕ੍ਰਿਆਵਾਂ ਨੂੰ ਉੱਚਾ ਚੁੱਕਣ ਅਤੇ ਸਮਾਜ ਨੂੰ ਅਧਿਆਤਮਿਕ ਚੇਤੰਨਤਾ ਪ੍ਰਦਾਨ ਕਰਨ ਹਿੱਤ ਇੱਕ ਮਜ਼ਬੂਤ ਅਤੇ ਜਨਤਕ ਜਾਗਰੂਕਤਾ ਪ੍ਰਤੀ ਸੰਵੇਦਨਸ਼ੀਲ "ਸਮਾਜਿਕ ਚੇਤੰਨਤਾ ਸੁਧਾਰ ਵਿੰਗ" ਦੀ ਸਥਾਪਨਾ ਸਬੰਧੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਇਹ ਮਤਾ ਅੱਜ ਦੇ ਇਸ ਪੰਥਕ ਇਕੱਠ ਅੱਗੇ ਪ੍ਰਵਾਨਗੀ ਹਿਤ ਪੇਸ਼ ਕਰਦੀ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਲੋਂ ਸਮਾਜਿਕ ਚੇਤੰਨਤਾ ਅਤੇ ਸੁਧਾਰਾਂ ਨੂੰ ਆਪਣੇ ਸਮਾਜਿਕ ਮਿਸ਼ਨ ਵਜੋਂ ਸਵੀਕਾਰ ਕਰਨ ਅਤੇ ਸਮਾਜਿਕ ਚੇਤੰਨਤਾ ਸੁਧਾਰ ਵਿੰਗ ਦੇ ਗਠਨ ਨੂੰ ਪ੍ਰਵਾਨਗੀ ਦੇਣ ਦਾ ਮਤਾ ਵੀ ਪਾਸ ਕੀਤਾ ਗਿਆ।