
ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਵਾਰ-ਵਾਰ ਯੂ-ਟਰਨ ਲੈਣ ਨਾਲ ਸੁਖਬੀਰ ਦਾ ਨੈਤਿਕਤਾ ਤੋਂ ਸਖਣਾ ਚਿਹਰਾ ਬੇਨਕਾਬ : ਕੈਪਟਨ
to
ਚੰਡੀਗੜ੍ਹ, 23 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਖੇਤੀਬਾੜੀ ਕਾਨੂੰਨਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਵਲੋਂ ਲਏ ਇਕ ਹੋਰ ਯੂ-ਟਰਨ ਲਈ ਅਕਾਲੀਆਂ 'ਤੇ ਵਰ੍ਹਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਕਰਵਾਰ ਨੂੰ ਸੁਖਬੀਰ ਸਿੰਘ ਬਾਦਲ ਨੂੰ ਕਰੜੇ ਹੱਥੀ ਲਿਆ ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਅਪਣੀਆਂ ਸੌੜੀਆਂ ਸਿਆਸੀ ਚਾਲਾਂ ਅਤੇ ਝੂਠ ਨਾਲ ਕਿਸਾਨਾਂ ਦੇ ਹਿੱਤਾਂ ਨੂੰ ਵਾਰ-ਵਾਰ ਢਾਹ ਲਾਈ ਹੈ ਅਤੇ ਉਸਦੀਆਂ ਇਹ ਸਿਆਸੀ ਪੈਂਤੜੇਬਾਜ਼ੀਆਂ ਸਾਫ਼ ਤੌਰ 'ਤੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਏਜੰਡੇ ਨੂੰ ਅੱਗੇ ਵਧਾ ਰਹੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸੋਧ ਬਿਲਾਂ ਨੂੰ, ਜਿਨ੍ਹਾਂ ਦਾ ਉਸਦੀ ਪਾਰਟੀ ਨੇ ਵਿਧਾਨ ਸਭਾ ਵਿਚ ਸਮਰਥਨ ਕੀਤਾ ਸੀ, ਰੱਦ ਕਰ ਕੇ ਸੁਖਬੀਰ ਨੇ ਨਾ ਸਿਰਫ ਅਪਣੇ ਨੈਤਿਕਤਾ ਤੋਂ ਸੱਖਣੇ ਹੋਣ ਦਾ ਪ੍ਰਗਟਾਵਾ ਸ਼ਰੇਆਮ ਕਰ ਦਿਤਾ ਹੈ ਸਗੋਂ ਭਾਜਪਾ ਆਗੂਆਂ ਦੇ ਹਾਲੀਆਂ ਬਿਆਨਾਂ ਦੀ ਵੀ ਪ੍ਰੋੜਤਾ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਸਾਫ ਜ਼ਾਹਿਰ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਰਮਿਆਨ ਗੰਢਤੁੱਪ ਹੈ ਅਤੇ ਹਰਸਿਮਰਤ ਬਾਦਲ ਦਾ ਕੇਂਦਰੀ ਕੈਬਨਿਟ ਤੋਂ ਅਸਤੀਫ਼ਾ ਦੇਣਾ ਤੇ ਅਕਾਲੀਆਂ ਵਲੋਂ ਐਨ.ਡੀ.ਏ. ਨਾਲੋਂ ਤੋੜ ਵਿਛੋੜਾ ਕਰਨਾ ਹੋਰ ਕੁਝ ਨਹੀਂ ਸਿਰਫ ਇਕ ਫਰੇਬ ਸੀ ਜਿਸ ਦਾ ਮਕਸਦ ਕਿਸਾਨਾਂ ਨੂੰ ਧੋਖਾ ਦੇਣਾ ਅਤੇ ਕੇਂਦਰੀ ਕਾਨੂੰਨਾਂ ਵਿਰੁਧ ਉਨ੍ਹਾਂ ਦੀ ਜੰਗ ਨੂੰ ਸਾਬੋਤਾਜ ਕਰਨਾ ਸੀ।
ਮੁੱਖ ਮੰਤਰੀ ਨੇ ਬੀਤੇ ਕੁਝ ਮਹੀਨਿਆਂ ਦੌਰਾਨ ਅਕਾਲੀਆਂ ਦੇ ਕਾਰਨਾਮਿਆਂ ਬਾਰੇ ਪਾਜ ਉਘੇੜਦੇ ਹੋਏ ਅੱਗੇ ਕਿਹਾ, 'ਪਹਿਲਾਂ ਤੁਸੀਂ ਪੂਰੇ ਤਨ-ਮਨ ਨਾਲ ਕੇਂਦਰ ਸਰਕਾਰ ਦੇ ਮੈਲੀ ਭਾਵਨਾ ਨਾਲ ਬਣਾਏ ਖੇਤੀ ਆਰਡੀਨੈਂਸਾਂ ਨੂੰ ਹਮਾਇਤ ਦਿਤੀ ਅਤੇ ਫੇਰ ਉਨ੍ਹਾਂ ਦੇ ਬਿਲਾਂ ਨੂੰ ਕਿਸਾਨ ਵਿਰੋਧੀ ਕਹਿੰਦੇ ਹੋਏ ਐਨ.ਡੀ.ਏ. ਦਾ ਸਾਥ ਛੱਡ ਦਿਤਾ ਤੇ ਉਸਤੋਂ ਪਿੱਛੋਂ ਕਿਸਾਨਾਂ ਦੇ ਸਮਰਥਨ ਦੇ ਬਹਾਨੇ ਸਿਆਸੀ ਡਰਾਮੇਬਾਜ਼ੀਆਂ ਕਰਦੇ ਹੋਏ ਪੂਰੇ ਸੂਬੇ ਵਿਚ ਰੋਸ ਰੈਲੀਆਂ ਕੀਤੀਆਂ। ਇਨ੍ਹਾਂ ਹੀ ਨਹੀਂ ਤੁਸੀਂ ਪਹਿਲਾਂ ਤਾਂ ਸੂਬਾ ਸਰਕਾਰ ਦੇ ਸੋਧ ਬਿਲਾਂ ਦੇ ਹੱਕ ਵਿਚ ਖੁਲ੍ਹ ਕੇ ਵੋਟ ਪਾਈ ਅਤੇ ਹੁਣ ਇਨ੍ਹਾਂ ਨੂੰ ਰੱਦ ਕਰ ਰਹੇ ਹੋ।''
ਉਨ੍ਹਾਂ ਅੱਗੇ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਅਤੇ ਇਸਦੇ ਕਿਸਾਨਾਂ ਸਬੰਧੀ ਇੰਨੇ ਗੰਭੀਰ ਮਸਲੇ ਬਾਰੇ ਵਾਰ-ਵਾਰ ਯੂ-ਟਰਨ ਲੈਣਾ ਇਹ ਸਾਬਤ ਕਰਦਾ ਹੈ ਕਿ ਉਹ ਅਪਣੇ ਸਿਆਸੀ ਹਿੱਤਾਂ ਨੂੰ ਸਾਧਨ ਲਈ ਸ਼ੈਤਾਨ ਨਾਲ ਵੀ ਹੱਥ ਮਿਲਾਣ ਤੋਂ ਗੁਰੇਜ਼ ਨਹੀਂ ਕਰਨਗੇ।