
ਮੱਧ ਪ੍ਰਦੇਸ਼ ਵਿਚ ਕਿਸਾਨਾਂ ਨੇ ਤੋਮਰ ਨੂੰ ਵਿਖਾਈਆਂ ਕਾਲੀਆਂ ਝੰਡੀਆਂ
ਨਵੀਂ ਦਿੱਲੀ, 23 ਅਕਤੂਬਰ (ਸੁਖਰਾਜ ਸਿੰਘ): ਉੱਤਰ ਪ੍ਰਦੇਸ਼ ਸਰਕਾਰ ਨੇ ਲਖੀਮਪੁਰ ਖੇੜੀ ਕਿਸਾਨ ਕਤਲੇਆਮ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕਰ ਰਹੇ ਡੀ.ਆਈ.ਜੀ ਉਪੇਂਦਰ ਕੁਮਾਰ ਅਗਰਵਾਲ ਦਾ ਤਬਾਦਲਾ ਕਰ ਦਿਤਾ ਹੈ। ਯੂ.ਪੀ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਤਬਾਦਲੇ ਦੇ ਬਾਵਜੂਦ ਐਸ.ਆਈ.ਟੀ ਦੇ ਮੁਖੀ ਬਣੇ ਰਹਿਣਗੇ। ਇਹ ਅਸਾਧਾਰਨ ਅਤੇ ਅਚਨਚੇਤ ਕਦਮ ਯੂ.ਪੀ ਸਰਕਾਰ ਦੁਆਰਾ ਕੀਤਾ ਗਿਆ ਸੀ, ਭਾਵੇਂ ਕਿ ਪਿਛਲੀ ਸੁਣਵਾਈ ਵਿਚ ਸੁਪਰੀਮ ਕੋਰਟ ਦੁਆਰਾ ਅਪਣੇ ਪੈਰ ਘਸੀਟਣ ਲਈ ਇਸ ਦੀ ਖਿਚਾਈ ਕੀਤੀ ਗਈ ਸੀ। ਐਸਕੇਐਮ ਇਕ ਵਾਰ ਫਿਰ ਮੰਗ ਕਰਦਾ ਹੈ ਕਿ ਨਿਆਂ ਨਾਲ ਪੂਰੀ ਤਰ੍ਹਾਂ ਸਮਝੌਤਾ ਹੋਣ ਤੋਂ ਪਹਿਲਾਂ ਜਾਂਚ ਦੀ ਸਿੱਧੀ ਨਿਗਰਾਨੀ ਸੁਪਰੀਮ ਕੋਰਟ ਦੁਆਰਾ ਕੀਤੀ ਜਾਣੀ ਚਾਹੀਦੀ ਹੈ। ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਵਿਚ, ਰਾਏਗਾਉਂ ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ 2 ਦਿਨਾਂ ਦੇ ਪ੍ਰਚਾਰ ਦੌਰੇ ’ਤੇ ਸਤਨਾ ਆਏ ਸਨ। ਗੁੱਸੇ ਵਿਚ ਆਏ ਕਿਸਾਨ ਕਾਲੇ ਝੰਡੇ ਲੈ ਕੇ ਸਿਵਲ ਲਾਈਨ ਜੰਕਸ਼ਨ ’ਤੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੂੰ ਵਾਪਸ ਜਾਣ ਲਈ ਕਹਿ ਕੇ ਨਾਹਰੇਬਾਜ਼ੀ ਕੀਤੀ। ਤੋਮਰ ਨੂੰ ਪਿਛਲੇ ਸਮੇਂ ਵਿਚ ਅਪਣੇ ਗ੍ਰਹਿ ਰਾਜ ਅਤੇ ਅਪਣੇ ਹਲਕੇ ਵਿਚ ਵੀ ਕਿਸਾਨ ਅੰਦੋਲਨ ਨਾਲ ਜੁੜੇ ਕਿਸਾਨਾਂ ਵਲੋਂ ਕਾਲੇ ਝੰਡਿਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।