
ਕੁਨਾਲ ਕੁਮਾਰ ਲਗਾਤਾਰ ਪਾਕਿਸਤਾਨ ਨੂੰ ਭਾਰਤੀ ਫੌਜ ਦੇ ਰਾਜ ਭੇਜ ਰਿਹਾ ਸੀ।
ਅੰਮ੍ਰਿਤਸਰ - ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਦੀ ਮਹਿਲਾ ਅਧਿਕਾਰੀ ਸਾਦਰਾ ਖਾਨ ਦੇ ਹਨੀਟਰੈਪ ’ਚ ਫਸੇ ਫੌਜ ਦੇ ਜਵਾਨ ਕੁਨਾਲ ਕੁਮਾਰ ਨੂੰ ਬੀਤੇ ਕੱਲ੍ਹ ਪੰਜਾਬ ਦੇ ਖੁਫ਼ੀਆ ਵਿਭਾਗ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਫਿਰੋਜ਼ਪੁਰ ਕੈਂਟ ਤੋਂ ਗ੍ਰਿਫਤਾਰ ਕੀਤਾ ਸੀ। ਕੁਨਾਲ ਕੁਮਾਰ ਲਗਾਤਾਰ ਪਾਕਿਸਤਾਨ ਨੂੰ ਭਾਰਤੀ ਫੌਜ ਦੇ ਰਾਜ ਭੇਜ ਰਿਹਾ ਸੀ। ਐੱਸ. ਐੱਸ. ਓ. ਸੀ. ਦੀ ਟੀਮ ਨੇ ਅੱਜ ਕੁਨਾਲ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਪੁਲਿਸ ਰਿਮਾਂਡ ’ਤੇ ਲਿਆ ਹੈ।
ਦਰਅਸਲ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ’ਚ ਤਾਇਨਾਤ ਮਹਿਲਾ ਅਧਿਕਾਰੀ ਸਾਦਰਾ ਖਾਨ ਨੇ 2020 ’ਚ ਸੋਸ਼ਲ ਨੈੱਟਵਰਕਿੰਗ ਸਾਈਟ ’ਤੇ ਕੁਨਾਲ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਆਪਣੇ ਹਨੀਟਰੈਪ ’ਚ ਫਸਾ ਲਿਆ। ਗੁਜਰਾਤ ਦੇ ਪੰਚ ਮਹਿਲ ਜ਼ਿਲ੍ਹੇ ਦੇ ਦਮਨੋਦ ਦਾ ਰਹਿਣ ਵਾਲਾ ਕੁਨਾਲ ਬੀਤੇ ਕਰੀਬ ਡੇਢ ਸਾਲ ਤੋਂ ਭਾਰਤੀ ਫੌਜ ਦੀਆਂ ਗੁਪਤ ਜਾਣਕਾਰੀਆਂ ਪਾਕਿਸਤਾਨ ਨੂੰ ਭੇਜ ਰਿਹਾ ਸੀ। ਕੁਨਾਲ ਸ਼ਾਦਰਾ ਨਾਲ ਲਗਾਤਾਰ ਵ੍ਹਟਸਐਪ ਰਾਹੀਂ ਸੰਪਰਕ ’ਚ ਰਹਿੰਦਾ ਸੀ।
ਕੁਨਾਲ ਦੀ ਗ੍ਰਿਫਤਾਰੀ ਤੋਂ ਬਾਅਦ ਭਾਰਤੀ ਫੌਜ ਦੇ ਅਧਿਕਾਰੀ ਵੀ ਪੂਰੀ ਹਰਕਤ ’ਚ ਆ ਚੁੱਕੇ ਹਨ। ਅੱਜ ਬਾਅਦ ਦੁਪਹਿਰ ਗ੍ਰਿਫਤਾਰ ਕੀਤੇ ਗਏ ਕੁਨਾਲ ਦੇ ਟਿਕਾਣਿਆਂ ਦੀ ਤਲਾਸ਼ੀ ਤੋਂ ਬਾਅਦ ਉਸ ਦੇ ਮੋਬਾਇਲ ਨੂੰ ਵੀ ਸਕੈਨ ਕੀਤਾ ਗਿਆ ਹੈ ਅਤੇ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਹੁਣ ਤੱਕ ਕੁਨਾਲ ਆਈ. ਐੱਸ. ਆਈ ਨੂੰ ਕੀ-ਕੀ ਜਾਣਕਾਰੀਆਂ ਉਪਲੱਬਧ ਕਰਵਾ ਚੁੱਕਾ ਹੈ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਅਧਿਕਾਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕੁਨਾਲ ਨੂੰ ਫਿਰੋਜ਼ਪੁਰ ਕੈਂਟ ਤੋਂ ਗ੍ਰਿਫਤਾਰ ਕਰ ਕੇ ਅੰਮ੍ਰਿਤਸਰ ਲਿਆਂਦਾ ਗਿਆ ਸੀ।