
ਸਾਰੀਆਂ ਪਾਰਟੀਆਂ ਦਾ ਇਕੋ ਮਕਸਦ ਕੇਜਰੀਵਾਲ ਨੂੰ ਰੋਕਣਾ
ਜਲੰਧਰ - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਘਵ ਚੱਢਾ ਨੇ ਕਾਂਗਰਸ ਪਾਰਟੀ ਸਮੇਤ ਭਾਜਪਾ ਅਤੇ ਅਕਾਲੀ ਦਲ ’ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਰਾਘਵ ਚੱਢਾ ਦਾ ਕਹਿਣਾ ਹੈ ਕਿ ਪੰਜਾਬ ’ਚ ਸਾਰੀਆਂ ਸਿਆਸੀ ਪਾਰਟੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ਼ਾਰੇ ’ਤੇ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਮੋਦੀ ਦੇ ਇਸ਼ਾਰੇ ’ਤੇ ਹੀ ਚੱਲ ਰਹੇ ਹਨ ਅਤੇ 50 ਫੀਸਦੀ ਪੰਜਾਬ ਮੋਦੀ ਦੇ ਹੱਥ ਸੌਂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਦਾ ਇਕੋ ਮਕਸਦ ਹੈ ਕੇਜਰੀਵਾਲ ਨੂੰ ਰੋਕਣਾ ਅਤੇ ਵਿਰੋਧੀ ਧਿਰਾਂ ‘ਆਪ’ ਨੂੰ ਹਰਾਉਣ ਲਈ ਇਕੱਠੀਆਂ ਹੋ ਰਹੀਆਂ ਹਨ।
ਉਨ੍ਹਾਂ ਕਿਹਾ ਕਿ 2017 ’ਚ ਵੀ ਭਾਜਪਾ ਅਤੇ ਅਕਾਲੀ ਦਲ ਨੇ ਗਠਜੋੜ ਕਰਕੇ ਚੋਣਾਂ ਲੜੀਆਂ ਸਨ ਪਰ ਭਾਜਪਾ ਅਤੇ ਅਕਾਲੀ ਦਲ ਨੇ ਆਪਣੀਆਂ ਸਾਰੀਆਂ ਵੋਟਾਂ ਡੀਲ ਦੇ ਤਹਿਤ ਕੈਪਟਨ ਅਤੇ ਕਾਂਗਰਸ ਨੂੰ ਤਬਦੀਲ ਕਰ ਦਿੱਤੀਆਂ। ਭਾਜਪਾ ਅਤੇ ਅਕਾਲੀ ਆਗੂਆਂ ਨੇ ਆਪਣੇ ਲਈ ਵੋਟਾਂ ਨਹੀਂ ਮੰਗੀਆਂ ਸਨ ਸਗੋਂ ਘਰ-ਘਰ ਜਾ ਕੇ ਲੋਕਾਂ ਨੂੰ ਕਹਿ ਕੇ ਆਪਣੀਆਂ ਵੋਟਾਂ ਕਾਂਗਰਸ ਨੂੰ ਪੁਆਈਆਂ ਸਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਪੰਜਾਬ ’ਚ ਕੇਜਰੀਵਾਲ ਦੇ ਵਧਦੇ ਕੱਦ ਨੂੰ ਵੇਖ ਅਤੇ ਕਾਂਗਰਸ ਨੂੰ ਜਿਤਾਉਣ ਲਈ ਬੜ੍ਹੀ ਚਲਾਕੀ ਨਾਲ ਸਾਰੀਆਂ ਵੋਟਾਂ ਕੈਪਟਨ ਸਮੇਤ ਕਾਂਗਰਸ ਨੂੰ ਟਰਾਂਸਫਰ ਕਰਵਾ ਦਿੱਤੀਆਂ।
CM Charanjit Singh Channi
ਇਸ ਵਾਰ ਵੀ ਉਹੀ ਡੀਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੀ ਗਈ ਹੈ। ਰਾਘਵ ਚੱਢਾ ਨੇ ਕਿਹਾ ਕਿ ਜਦੋਂ ਦੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਹਨ, ਅਜਿਹਾ ਕੋਈ ਵੀ ਭਾਜਪਾ ਦਾ ਆਗੂ ਨਹੀਂ ਹੈ, ਜਿੱਥੇ ਚੰਨੀ ਨੇ ਮੱਥਾ ਨਾ ਟੇਕਿਆ ਹੋਵੇ। ਇਸ ਵਾਰ ਵੀ ਇਨ੍ਹਾਂ ਦੀ ਪਲਾਨਿੰਗ ਇਹੀ ਹੈ ਕਿ ਕਿਸੇ ਵੀ ਤਰ੍ਹਾਂ ਕੇਜਰੀਵਾਲ ਨੂੰ ਰੋਕਿਆ ਜਾਵੇ।
ਚੰਨੀ ਵੀ ਮੋਦੀ ਦੇ ਇਸ਼ਾਰੇ ’ਤੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਦੀ ਵੀ ਮੋਦੀ ਨਾਲ ਡੀਲ ਹੋ ਚੁੱਕੀ ਹੈ ਅਤੇ ਉਸੇ ਡੀਲ ਦੇ ਬਦਲੇ ਮੋਦੀ ਨੂੰ ਬੀ. ਐੱਸ. ਐੱਫ. ਦੇ ਹੱਥੇ 50 ਫ਼ੀਸਦੀ ਪਾਵਰ ਸੌਂਪ ਦਿੱਤੀ ਹੈ। ਕੈਪਟਨ ਵਾਂਗ ਚੰਨੀ ਦਾ ਭਾਜਪਾ ’ਚ ਸ਼ਾਮਲ ਹੋਣਾ ਤੈਅ ਹੈ।