
ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨ ਰੇਂਜਰਜ਼ ਵਿਚਾਲੇ ਹੋਇਆ ਮਠਿਆਈਆਂ ਤੇ ਵਧਾਈਆਂ ਦਾ ਆਦਾਨ-ਪ੍ਰਦਾਨ
ਕਮਾਂਡੈਂਟ ਨੇ ਕਿਹਾ- ਸ਼ਾਂਤੀ ਬਣਾਈ ਰੱਖਣ ਲਈ ਵਚਨਬੱਧ
ਅੰਮ੍ਰਿਤਸਰ : ਦੀਵਾਲੀ 'ਤੇ ਨਾ ਸਿਰਫ਼ ਦੀਵੇ ਜਗਦੇ ਹਨ ਸਗੋਂ ਇਕੱਠੇ ਮਠਿਆਈਆਂ ਖਾਣ ਨਾਲ ਦਿਲਾਂ ਦੀ ਦੂਰੀ ਵੀ ਮਿਟ ਜਾਂਦੀ ਹੈ। ਇਹ ਦੂਰੀਆਂ ਅੱਜ ਸਰਹੱਦ 'ਤੇ ਭਾਰਤ ਅਤੇ ਪਾਕਿਸਤਾਨ ਦੇ ਸੁਰੱਖਿਆ ਬਲਾਂ ਵਿਚਕਾਰ ਮਿਟਦੀਆਂ ਨਜ਼ਰ ਆਈਆਂ। ਦੁਪਹਿਰ ਬਾਅਦ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਖੁੱਲ੍ਹ ਗਈਆਂ। ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਅਧਿਕਾਰੀ ਅਤੇ ਪਾਕਿ ਰੇਂਜਰਜ਼ ਜ਼ੀਰੋ ਲਾਈਨ 'ਤੇ ਇਕੱਠੇ ਹੋਏ।
ਦੀਵਾਲੀ ਦੇ ਮੌਕੇ 'ਤੇ ਦੋਵਾਂ ਦੇਸ਼ਾਂ ਦੇ ਸੈਨਿਕਾਂ ਨੇ ਇਕ ਦੂਜੇ ਨੂੰ ਵਧਾਈ ਦਿੱਤੀ। ਦੁਪਹਿਰ 11 ਵਜੇ ਦੇ ਕਰੀਬ ਅੰਤਰਰਾਸ਼ਟਰੀ ਸਰਹੱਦ ਅਟਾਰੀ 'ਤੇ ਜ਼ੀਰੋ ਲਾਈਨ 'ਤੇ ਦੋਵੇਂ ਦੇਸ਼ਾਂ ਦੇ ਫ਼ੌਜੀ ਜਵਾਨ ਇਕੱਠੇ ਹੋਏ। ਬੀਐਸਐਫ ਦੇ ਕਮਾਂਡੈਂਟ ਜਸਬੀਰ ਸਿੰਘ ਨੇ ਹੋਰ ਅਧਿਕਾਰੀਆਂ ਅਤੇ ਜਵਾਨਾਂ ਨਾਲ ਪਾਕਿਸਤਾਨ ਰੇਂਜਰਾਂ ਨੂੰ ਦੀਵਾਲੀ ਦੀਆਂ ਵਧਾਈਆਂ ਅਤੇ ਮਠਿਆਈਆਂ ਦਿੱਤੀਆਂ।
ਪਾਕਿ ਰੇਂਜਰਾਂ ਨੇ ਬੀਐਸਐਫ ਅਧਿਕਾਰੀਆਂ ਅਤੇ ਜਵਾਨਾਂ ਨੂੰ ਮਠਿਆਈ ਦੇ ਕੇ ਧੰਨਵਾਦ ਵੀ ਕੀਤਾ। ਬੀਐਸਐਫ ਅਧਿਕਾਰੀ ਜਸਬੀਰ ਸਿੰਘ ਦਾ ਕਹਿਣਾ ਹੈ ਕਿ ਬੀਐਸਐਫ ਸਰਹੱਦ ’ਤੇ ਸ਼ਾਂਤੀ ਬਣਾਈ ਰੱਖਣ ਲਈ ਵਚਨਬੱਧ ਹੈ। ਜਿੱਥੇ ਉਨ੍ਹਾਂ ਵਲੋਂ ਮਠਿਆਈ ਦੇ ਰੂਪ 'ਚ ਪਾਕਿ ਰੇਂਜਰਸ ਨੂੰ ਖੁਸ਼ੀ ਦਿੱਤੀ ਗਈ, ਉਥੇ ਹੀ ਪਾਕਿ ਰੇਂਜਰਸ ਨੇ ਵੀ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।