
17ਵੀਂ ਲੋਕ ਸਭਾ ਹੁਣ ਤੋਂ ਹੀ ਇਤਿਹਾਸ ਵਿਚ ਦਰਜ: ਮੋਦੀ
ਮੋਦੀ ਨੇ ਦਿੱਲੀ 'ਚ ਬਹੁ ਮੰਜ਼ਲਾ ਮਕਾਨਾਂ ਦੇ ਉਦਘਾਟਨ ਸਮੇਂ ਕੀਤਾ ਸੰਬੋਧਨ
ਨਵੀਂ ਦਿੱਲੀ, 23 ਨਵੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ 16ਵੀਂ ਲੋਕ ਸਭਾ ਦਾ ਕਾਰਜਕਾਲ ਦੇਸ਼ ਦੀ ਤਰੱਕੀ ਲਈ ਬਹੁਤ ਇਤਿਹਾਸਕ ਸੀ ਜਦਕਿ 17ਵੀਂ ਲੋਕ ਸਭਾ ਦਾ ਕਾਰਜਕਾਲ ਪਹਿਲਾਂ ਹੀ ਅਪਣੇ ਫ਼ੈਸਲਿਆਂ ਕਾਰਨ ਇਤਿਹਾਸ ਦੇ ਪੰਨਿਆਂ ਵਿਚ ਦਰਜ ਹੋ ਚੁਕਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਅਗਲੀ ਲੋਕ ਸਭਾ ਵੀ ਦੇਸ਼ ਨੂੰ ਨਵੇਂ ਦਹਾਕੇ ਵਿਚ ਲਿਜਾਣ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰੇਗੀ।
ਪ੍ਰਧਾਨ ਮੰਤਰੀ ਮੋਦੀ ਨੇ ਇਹ ਗੱਲ ਰਾਜਧਾਨੀ ਦਿੱਲੀ ਵਿਚ ਡਾ ਬੀਡੀ ਮਾਰਗ 'ਤੇ ਬਣੇ ਬਹੁ ਮੰਜ਼ਲਾ ਮਕਾਨਾਂ ਦੇ ਉਦਘਾਟਨ ਤੋਂ ਬਾਅਦ ਅਪਣੇ ਸੰਬੋਧਨ ਵਿਚ ਕਹੀ।
ਵੀਡੀਉ ਕਾਨਫ਼ਰੰਸ ਰਾਹੀਂ ਕਰਵਾਏ ਉਦਘਾਟਨੀ ਸਮਾਰੋਹ ਵਿਚ ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਸ਼ਹਿਰੀ ਮਕਾਨ ਮੰਤਰੀ ਹਰਦੀਪ ਸਿੰਘ ਪੁਰੀ, ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਲਾਦ ਪਟੇਲ ਅਤੇ ਸੰਸਦ ਦੀ ਹਾਊਸਿੰਗ ਕਮੇਟੀ ਦੇ ਚੇਅਰਮੈਨ ਸੀ ਆਰ ਪਾਟਿਲ ਵੀ ਮੌਜੂਦ ਸਨ।
ਮੋਦੀ ਨੇ ਕਿਹਾ ਕਿ ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ 16, 17, 18 ਸਾਲ ਦੀ ਉਮਰ ਨੌਜਵਾਨਾਂ ਲਈ ਬਹੁਤ ਮਹੱਤਵਪੂਰਨ ਹੈ ਅਤੇ ਇਸੇ ਤਰ੍ਹਾਂ 16, 17, 18 ਦੀ ਇਹ ਉਮਰ ਇਕ ਜਮਹੂਰੀ ਲੋਕਤੰਤਰ ਲਈ ਵੀ ਉਨੀ ਹੀ ਮਹੱਤਵਪੂਰਨ ਹੈ।
ਉਨ੍ਹਾਂ ਕਿਹਾ ਕਿ 2019 ਦੀਆਂ ਚੋਣਾਂ ਦੇ ਨਾਲ, ਅਸੀਂ 16ਵੀਂ ਲੋਕ ਸਭਾ ਦਾ ਕਾਰਜਕਾਲ ਪੂਰਾ ਕਰ ਲਿਆ ਹੈ। ਇਹ ਸਮਾਂ ਦੇਸ਼ ਦੀ ਤਰੱਕੀ ਲਈ, ਦੇਸ਼ ਦੇ ਵਿਕਾਸ ਲਈ ਬਹੁਤ ਇਤਿਹਾਸਕ ਰਿਹਾ ਹੈ। (ਪੀਟੀਆਈ)
17ਵੀਂ ਲੋਕ ਸਭਾ ਦਾ ਕਾਰਜਕਾਲ 2019 ਤੋਂ ਸ਼ੁਰੂ ਹੋਇਆ ਹੈ। ਇਸ ਸਮੇਂ ਦੌਰਾਨ, ਦੇਸ਼ ਵਲੋਂ ਲਏ ਗਏ ਫ਼ੈਸਲਿਆਂ ਅਤੇ ਜੋ ਕਦਮ ਚੁੱਕੇ ਗਏ ਹਨ, ਇਹ ਲੋਕ ਸਭਾ ਇਤਿਹਾਸ ਵਿਚ ਪਹਿਲਾਂ ਹੀ ਦਰਜ ਹੋ ਗਈ ਹੈ।
ਪ੍ਰਧਾਨ ਮੰਤਰੀ ਨੇ ਉਮੀਦ ਪ੍ਰਗਟਾਈ ਕਿ 18ਵੀਂ ਲੋਕ ਸਭਾ ਵੀ ਦੇਸ਼ ਨੂੰ ਨਵੇਂ ਦਹਾਕੇ ਵਿਚ ਲਿਜਾਣ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰੇਗੀ। ਉਨ੍ਹਾਂ ਕਿਹਾ ਕਿ 16ਵੀਂ, 17ਵੀਂ ਅਤੇ 18ਵੀਂ ਲੋਕ ਸਭਾ ਦਾ ਸਮਾਂ ਸਾਡੇ ਨੌਜਵਾਨ ਦੇਸ਼ ਲਈ ਬਹੁਤ ਮਹੱਤਵਪੂਰਨ ਹੈ। ਸਾਡੇ ਸਾਰਿਆਂ ਨੂੰ ਦੇਸ਼ ਲਈ ਇਸ ਮਹੱਤਵਪੂਰਣ ਸਮੇਂ ਦਾ ਹਿੱਸਾ ਬਣਨ ਦਾ ਸਨਮਾਨ ਮਿਲਿਆ। ਇਹ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਜਦੋਂ ਅਸੀਂ ਇਤਿਹਾਸ ਵਿਚ ਲੋਕ ਸਭਾ ਦੇ ਵੱਖ-ਵੱਖ ਕਾਰਜਕਾਲਾਂ ਦਾ ਅਧਿਐਨ ਕਰਦੇ ਹਾਂ, ਤਾਂ ਇਨ੍ਹਾਂ ਕਾਰਜਕਾਲਾਂ ਨੂੰ ਦੇਸ਼ ਦੀ ਤਰੱਕੀ ਦੇ ਸੁਨਹਿਰੀ ਅਧਿਆਇ ਵਜੋਂ ਯਾਦ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਹਮਣੇ ਬਹੁਤ ਕੁਝ ਹੈ ਜੋ ਸਾਨੂੰ ਇਸ ਸਮੇਂ ਦੌਰਾਨ ਹਾਸਲ ਕਰਨਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ 16ਵੀਂ ਲੋਕ ਸਭਾ ਵਿਚ ਅਜਿਹੇ 60 ਪ੍ਰਤੀਸ਼ਤ ਬਿਲ ਆਏ ਹਨ ਜਿਨ੍ਹਾਂ 'ਤੇ ਔਸਤਨ ਦੋ ਤੋਂ ਤਿੰਨ ਘੰਟਿਆਂ ਲਈ ਬਹਿਸ ਹੁੰਦੀ ਸੀ, ਜਦਕਿ ਪਿਛਲੀ ਲੋਕ ਸਭਾ ਨੇ ਵਧੇਰੇ ਬਿਲ ਪਾਸ ਕੀਤੇ ਸਨ, ਪਰ ਪਹਿਲਾਂ ਨਾਲੋਂ ਵਧੇਰੇ ਵਿਚਾਰ ਵਟਾਂਦਰੇ ਕੀਤੇ ਗਏ ਹਨ। (ਪੀਟੀਆਈ)