
-ਵਿਆਹਾਂ 'ਚ ਹਥਿਆਰਾਂ ਦੀ ਵਰਤੋਂ ਅਤੇ ਪ੍ਰਦਰਸ਼ਨੀ 'ਤੇ ਪਾਬੰਦੀ, ਦੋਸ਼ੀਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ
-ਹੁਣ ਪੁਲਿਸ ਵੈਰੀਫਿਕੇਸ਼ਨ, ਡੋਪ ਟੈਸਟ ਅਤੇ ਹਰ ਜਾਂਚ ਤੋਂ ਬਾਅਦ ਹੀ ਜਾਰੀ ਕੀਤੇ ਜਾਣਗੇ ਨਵੇਂ ਅਸਲਾ ਲਾਇਸੈਂਸ
ਸੰਗਰੂਰ : ਪੰਜਾਬ ਵਿਚ ਮਾਨ ਸਰਕਾਰ ਵਲੋਂ ਹਥਿਆਰਾਂ ਦੀ ਪ੍ਰਦਰਸ਼ਨੀ 'ਤੇ ਪਾਬੰਦੀ ਲਗਾਈ ਗਈ ਹੈ ਅਤੇ ਹੁਕਮ ਅਦੂਲੀ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਦੇ ਹੁਕਮ ਵੀ ਦਿੱਤੇ ਗਏ ਹਨ। ਇਸ ਦੇ ਚਲਦੇ ਹੀ ਸੰਗਰੂਰ ਵਿਚ ਹੁਣ ਤੱਕ 119 ਅਸਲ ਲਾਇਸੈਂਸਾਂ ਖ਼ਿਲਾਫ਼ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਬਾਰੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜਾਣਕਾਰੀ ਸਾਂਝੀ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ 15825 ਲੋਕਾਂ ਕੋਲ ਆਮ ਅਸਲਾ ਲਾਇਸੈਂਸ ਹਨ ਜਿਸ 'ਤੇ 19705 ਲੋਕਾਂ ਵੱਲੋਂ ਅਸਲਾ ਰਜਿਸਟਰਡ ਕੀਤਾ ਗਿਆ ਹੈ। ਸੰਗਰੂਰ ਵਿੱਚ ਅਸਲਾ ਲਾਇਸੈਂਸ ਦੀ ਪੜਤਾਲ ਦੀ ਪ੍ਰਕਿਰਿਆ ਜਾਰੀ ਹੈ ਅਤੇ ਇਸ ਲਈ ਵਿਸ਼ੇਸ਼ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕਮੇਟੀਆਂ ਦੇ ਚੇਅਰਮੈਨ ਸਬੰਧਿਤ ਐਸ.ਡੀ.ਐਮ. ਹੋਣਗੇ। ਇਸ ਤੋਂ ਇਲਾਵਾ ਐਸਐਚਓ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਵੀ ਇਨ੍ਹਾਂ ਕਮੇਟੀਆਂ ਵਿਚ ਸ਼ਾਮਲ ਹੋਣਗੇ।
ਉਨ੍ਹਾਂ ਦੱਸਿਆ ਕਿ 55 ਅਜਿਹੇ ਮਾਮਲੇ ਹਨ ਜਿਨ੍ਹਾਂ ਵਿਚ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ ਅਤੇ ਸੱਤ ਮਾਮਲੇ ਅਜਿਹੇ ਹਨ ਜਿਨ੍ਹਾਂ ਵਿਚ ਸੋਸ਼ਲ ਮੀਡੀਆ 'ਤੇ ਹਥਿਆਰਾਂ ਨਾਲ ਤਸਵੀਰਾਂ ਜਾ ਵੀਡੀਓ ਅਪਲੋਡ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 64 ਅਜਿਹੇ ਹਨ ਜਿਨ੍ਹਾਂ ਕੋਲ ਦੋ ਤੋਂ ਵੱਧ ਅਸਲੇ ਹਨ।
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਵਿਆਹਾਂ ਦੇ ਸੀਜ਼ਨ ਮੌਕੇ ਵੀ ਸਰਕਾਰ ਵਲੋਂ ਪਾਬੰਦੀ ਦੇ ਹੁਕਮ ਜਾਰੀ ਰਹਿਣਗੇ ਇਸ ਤਹਿਤ ਧਾਰਾ 144 ਦੇ ਹੁਕਮ ਜਾਰੀ ਕੀਤੇ ਗਏ ਹਨ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਨਵੇਂ ਅਸਲਾ ਲਾਇਸੈਂਸ ਜਾਰੀ ਕਰਨ ਲਈ ਪੁਲਿਸ ਰਿਪੋਰਟ, ਡੋਪ ਟੈਸਟ ਅਤੇ ਪੂਰੀ ਖੋਜਬੀਨ ਕਰਨ ਮਗਰੋਂ ਹੀ ਲਾਇਸੈਂਸ ਜਾਰੀ ਕੀਤੇ ਜਾ ਰਹੇ ਹਨ।