ਉੱਘੇ ਕਵੀਆਂ ਅਤੇ ਢਾਡੀ ਤੇ ਕਵੀਸ਼ਰੀ ਜਥਿਆਂ ਨੇ ਸੰਗਤਾਂ 'ਚ ਭਰਿਆ ਜੋਸ਼
ਸ੍ਰੀ ਅਨੰਦਪੁਰ ਸਾਹਿਬ/ ਚੰਡੀਗੜ੍ਹ : ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਅੱਜ ਬਾਬਾ ਬੁੱਢਾ ਦਲ ਛਾਉਣੀ ਦੇ ਮੁੱਖ ਪੰਡਾਲ਼ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਗੁਰੂ ਸਾਹਿਬ ਦੇ ਜੀਵਨ ਤੇ ਸਿੱਖਿਆਵਾਂ 'ਤੇ ਆਧਾਰਿਤ ਵਿਸ਼ੇਸ਼ ਕਵੀ, ਢਾਡੀ ਤੇ ਕਵੀਸ਼ਰ ਦਰਬਾਰ ਸਜਾਏ ਗਏ। ਇਸ ਮੌਕੇ ਉੱਘੇ ਕਵੀਆਂ, ਢਾਡੀਆਂ ਤੇ ਕਵੀਸ਼ਰਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ।
ਕਵੀ ਦਰਬਾਰ ਵਿਚ ਰਛਪਾਲ ਸਿੰਘ ਪਾਲ, ਕਰਮਜੀਤ ਸਿੰਘ, ਮਨਜੀਤ ਕੌਰ, ਜ਼ਮੀਰ ਅਲੀ, ਸ਼ੁਭਮ ਮੰਗਲਾ ਅਤੇ ਹਰੀ ਸਿੰਘ ਨੇ ਆਪਣੀ ਹਾਜ਼ਰੀ ਲਗਵਾਈ। ਇਸੇ ਤਰ੍ਹਾਂ ਢਾਡੀ ਤੇ ਕਵੀਸ਼ਰ ਦਰਬਾਰ ਵਿਚ ਜਿਨ੍ਹਾਂ ਪ੍ਰਸਿੱਧ ਢਾਡੀ ਤੇ ਕਵੀਸ਼ਰੀ ਜਥਿਆਂ ਨੇ ਕਵੀਸ਼ਰੀ ਅਤੇ ਵਾਰਾਂ ਨਾਲ ਸੰਗਤਾਂ ਵਿਚ ਜੋਸ਼ ਭਰਿਆ, ਉਨ੍ਹਾਂ ਵਿਚ ਢਾਡੀ ਗੁਰਪ੍ਰੀਤ ਸਿੰਘ ਲਾਂਡਰਾ, ਕਵੀਸ਼ਰ ਗੁਰਜੰਟ ਸਿੰਘ ਬੈਂਕਾ ਤੇ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਦੇ ਜਥੇ ਸ਼ਾਮਿਲ ਸਨ।
ਇਸ ਮੌਕੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ, ਪੰਜਾਬ ਦੇ ਸਲਾਹਕਾਰ ਦੀਪਕ ਬਾਲੀ, ਸਕੱਤਰ ਡਾ. ਅਭਿਨਾਵ ਤ੍ਰਿਖਾ ਡਾਇਰੈਕਟਰ ਸੰਜੀਵ ਤਿਵਾੜੀ ਅਤੇ ਹੋਰਨਾਂ ਉੱਘੀਆਂ ਸ਼ਖਸ਼ੀਅਤਾਂ ਨੇ ਹਾਜ਼ਰੀ ਭਰੀ। ਸਟੇਜ ਸਕੱਤਰ ਦੀ ਸੇਵਾ ਗਿਆਨੀ ਭਗਵਾਨ ਸਿੰਘ ਜੌਹਲ ਅਤੇ ਭਾਈ ਪ੍ਰੀਤਮ ਸਿੰਘ ਨੇ ਨਿਭਾਈ। ਭਲਕੇ ਮਿਤੀ 25 ਨਵੰਬਰ ਨੂੰ ਇਸੇ ਪੰਡਾਲ ਵਿਚ ਆਤਮਰਸ ਕੀਰਤਨ ਦਰਬਾਰ ਅਤੇ ਸਰਬੱਤ ਦੇ ਭਲੇ ਦੀ ਇਕੱਤਰਤਾ ਹੋਵੇਗੀ।
