
ਟੈਂਕੀ ਉਪਰ ਭੁੱਖ ਹੜਤਾਲ ’ਤੇ ਬੈਠੇ ਇਕ ਧਰਨਾਕਾਰੀ ਦੀ ਹਾਲਤ ਵਿਗੜੀ, ਹਸਪਤਾਲ ’ਚ ਦਾਖ਼ਲ
ਪਟਿਆਲਾ, 23 ਦਸੰਬਰ (ਤੇਜਿੰਦਰ ਫ਼ਤਿਹਪੁਰ) : ਪਾਵਰਕਾਮ ਵਿਚ ਡਿਊਟੀ ਦੌਰਾਨ ਫ਼ੌਤ ਹੋਏ ਮ੍ਰਿਤਕ ਮੁਲਾਜ਼ਮਾਂ ਦੇ ਪ੍ਰਵਾਰਾਂ ਵਲੋਂ ਨੌਕਰੀ ਦੀ ਮੰਗ ਲਈ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਨੇੜੇ ਆਯੁਰਵੈਦਿਕ ਹਸਪਤਾਲ ਵਿਖੇ ਟੈਂਕੀ ’ਤੇ ਭੁੱਖ ਹੜਤਾਲ ’ਤੇ ਬੈਠੇ ਇਕ ਧਰਨਾਕਾਰੀ ਦੀ ਦੇਰ ਰਾਤ ਸਿਹਤ ਖ਼ਰਾਬ ਹੋ ਗਈ। ਜਿਵੇਂ ਹੀ ਹੜਤਾਲੀ ਵਿਅਕਤੀ ਦੀ ਸਿਹਤ ਵਿਗੜਨ ਦੀ ਸੂਚਨਾ ਡਾਕਟਰੀ ਅਮਲੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲੀ ਤਾਂ ਉਹ ਤੁਰਤ ਧਰਨੇ ਵਾਲੀ ਥਾਂ ’ਤੇ ਪੁੱਜੇ। ਜਿਨ੍ਹਾਂ ਵਲੋਂ ਤੁਰਤ ਬੇਹੋਸ਼ ਪਏ ਧਰਨਾਕਾਰੀ ਨੂੰ ਤੁਰਤ ਮੁੱਢਲੀ ਸਹਾਇਤਾ ਲਈ ਸਰਕਾਰੀ ਰਜਿੰਦਰਾ ਹਸਪਤਾਲ ਵਿਚ ਦਾਖ਼ਲ ਕਰਵਾਇਆ। ਇਸ ਮੌਕੇ ਐਸ.ਡੀ.ਐਮ ਚਰਨਜੀਤ ਸਿੰਘ ਨੇ ਧਰਨਾਕਾਰੀ ਨੂੰ ਭਰੋਸਾ ਦਿਤਾ ਕਿ ਉਨ੍ਹਾਂ ਦੀ ਮੀਟਿੰਗ ਮੁਕੱਰਰ ਕਰਵਾ ਦਿਤੀ ਹੈ। ਧਰਨਾਕਾਰੀਆਂ ਨੇ ਕਿਹਾ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਹੱਲ ਨਹੀਂ ਹੋ ਜਾਂਦੀਆ ਉਹ ਸੰਘਰਸ਼ ਕਰਦੇ ਰਹਿਣਗੇ।
ਸੋਮਵਾਰ-ਮੰਗਲਵਾਰ ਦਰਮਿਆਨੀ ਰਾਤ 2 ਵਜੇ ਦੇ ਕਰੀਬ ਭੁੱਖ ਹੜਤਾਲ ’ਤੇ ਬੈਠੇ ਰਛਪਾਲ ਸਿੰਘ ਦੀ ਹਾਲਤ ਅਚਾਨਕ ਵਿਗੜ ਗਈ, ਜਿਸ ਕਾਰਨ ਉਹ ਉਥੇ ਹੀ ਬੇਹੋਸ਼ ਹੋ ਕੇ ਡਿੱਗ ਪਏ। ਧਰਨਾਕਾਰੀਆਂ ਨੂੰੰ ਹੜਤਾਲ ’ਤੇ ਬੈਠੇ ਮੈਂਬਰ ਦੀ ਹਾਲਤ ਵਿਗੜਨ ਦੀ ਸੂਚਨਾ ਮਿਲੀ ਤਾਂ ਉਸ ਸਮੇਂ ਹਫ਼ੜਾ ਦਫ਼ੜੀ ਮੱਚ ਗਈ। ਇਸ ਸਬੰਧੀ ਤੁਰਤ ਡਾਕਟਰ ਤੇ ਪੈਰਾ-ਮੈਡੀਕਲ ਟੀਮ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਚਨਾ ਦਿਤੀ ਗਈ। ਇਸ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁੱਜੀ ਸਿਹਤ ਟੀਮ ਵਲੋਂ ਧਰਨਾਕਾਰੀ ਨੂੰ ਤੁਰਤ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਕਰਵਾਇਆ ਗਿਆ। ਜਿਥੇ ਮੁਢਲੀ ਸਹਾਇਤਾ ਤੋਂ ਬਾਅਦ ਉਕਤ ਹੜਤਾਲੀ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ ਜੋ ਕਿ ਮੰਗਲਵਾਰ ਦੀ ਸਵੇਰ ਮੁੜ ਧਰਨੇ ਵਿਚ ਸ਼ਾਮਲ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਆਸ਼ਰਿਤ ਯੂਨੀਅਨ ਦੇ ਪ੍ਰਧਾਨ ਚਰਨਜੀਤ ਸਿੰਘ ਨੇ ਦਸਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਯੂਨੀਅਨ ਦੀ ਮੀਟਿੰਗ ਅੱਜ ਤੈਅ ਕੀਤੀ ਗਈ ਹੈ। ਇਸ ਸਬੰਧ ਵਿਚ ਪਾਵਰਕਾਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਜੇਕਰ ਮੀਟਿੰਗ ਦੌਰਾਨ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਉਹ ਅਪਣਾ ਸੰਘਰਸ਼ ਜਾਰੀ ਰੱਖਣਗੇ।
ਫੋਟੋ ਨੰ: 23 ਪੀਏਟੀ 17